ਚੰਡੀਗੜ੍ਹ : ਪੰਜਾਬ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਸੂਬੇ ਦੀ ਖੇਡ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਖੇਡ ਤਕਨੀਕਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਖੇਡ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਾਲੇ ਵਫ਼ਦ ਨੇ ਇੰਗਲੈਂਡ ਦੇ ਲਿਸੈਸਟਰਸ਼ਾਇਰ ਸਥਿਤ ਸਰਬੋਤਮ ਖੇਡ ਵਿੱਦਿਅਕ ਸੰਸਥਾ ‘ਲੌਫ਼ਬ੍ਰੋਅ ਯੂਨੀਵਰਸਿਟੀ’ ਦਾ ਦੌਰਾ ਕੀਤਾ। ਵਫ਼ਦ ਵਿਚ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਅਤੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ (ਸੇਵਾ-ਮੁਕਤ) ਜੇ.ਐੱਸ. ਚੀਮਾ ਵੀ ਮੌਜੂਦ ਸਨ।
ਇਸ ਫੇਰੀ ਦੌਰਾਨ ਰਾਣਾ ਸੋਢੀ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਰਾਬਰਟ ਜੇ. ਐਲੀਸਨ ਅਤੇ ਐਸੋਸੀਏਟ ਪ੍ਰੋ.-ਵਾਈਸ ਚਾਂਸਲਰ ਪ੍ਰੋਫ਼ੈਸਰ ਐਲਿਜ਼ਾਬੈੱਥ ਪੀਲ ਨਾਲ ਵੀ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਵਾਸਤੇ ਖੇਡ ਖੇਤਰ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਦੌਰਾਨ ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਵਧੇਰੇ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ। ਰਾਣਾ ਸੋਢੀ ਨੇ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਮੁੱਖ ਮੰਤਰੀ ਦਾ ਸੁਪਨਮਈ ਪ੍ਰਾਜੈਕਟ ਹੈ ਅਤੇ ਮੁੱਖ ਮੰਤਰੀ ਨੇ ਪੰਜਾਬ ਨੂੰ ਖੇਡ ਖੇਤਰ ਅਤੇ ਖੇਡ ਵਿਗਿਆਨ ਵਿੱਚ ਪਹਿਲੇ ਨੰਬਰ ‘ਤੇ ਪਹੁੰਚਾਉਣ ਦਾ ਤਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਖੇਡਾਂ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਸਥਾਪਤ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਖੇਡ ਵਿਗਿਆਨ, ਖੇਡ ਤਕਨਾਲੌਜੀ ਅਤੇ ਖੇਡ ਮੈਡੀਸਨ ਦੇ ਖੇਤਰਾਂ ਵਿਚ ਵੱਧ-ਚੜ੍ਹ ਕੇ ਕੰਮ ਕਰਨਾ ਹੋਵੇਗਾ।
ਯੂਨੀਵਰਸਿਟੀ ਅਧਿਕਾਰੀਆਂ ਨਾਲ ਹੋਏ ਵਿਚਾਰ-ਵਟਾਂਦਰੇ ਬਾਰੇ ਦੱਸਦਿਆਂ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਛੇਤੀ ਹੀ ਲੌਫ਼ਬ੍ਰੋਅ ਯੂਨੀਵਰਸਿਟੀ ਨਾਲ ਖੇਡਾਂ ਦੀਆਂ ਨਵੀਨਤਮ ਸਹੂਲਤਾਂ ਅਤੇ ਤਕਨੀਕਾਂ ਦੇ ਅਦਾਨ-ਪ੍ਰਦਾਨ ਲਈ ਸਮਝੌਤਾ ਕਰੇਗੀ ਤਾਂ ਜੋ ਸੂਬੇ ਵਿੱਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਵਾਈਸ ਚਾਂਸਲਰ ਪ੍ਰੋ. ਰੌਬਰਟ ਜੇ. ਐਲੀਸਨ ਅਤੇ ਐਸੋਸੀਏਟ ਪ੍ਰੋ.-ਵਾਈਸ ਚਾਂਸਲਰ ਪ੍ਰੋਫ਼ੈਸਰ ਐਲਿਜ਼ਾਬੈੱਥ ਪੀਲ ਨੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਆਪਣੀ ਸਹਿਮਤੀ ਦਿੱਤੀ ਹੈ। ਦੋਵਾਂ ਅਧਿਕਾਰੀਆਂ ਨੇ ਯੂਨੀਵਰਸਿਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਮੀਟਿੰਗ ਦੌਰਾਨ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ, ਜਿਨ੍ਹਾਂ ਵਿੱਚ ਅਹਿਮ ਖੇਡ ਬੁਨਿਆਦੀ ਢਾਂਚਾ ਅਤੇ ਖੇਡ ਵਿਗਿਆਨ, ਉੱਨਤ ਖੇਡ ਢੰਗ-ਤਰੀਕੇ, ਖਿਡਾਰੀਆਂ ਦੀ ਸਿਖਲਾਈ, ਨਵੀਨਤਮ ਕੋਚਿੰਗ ਤਕਨੀਕਾਂ ਦੁਆਰਾ ਖਿਡਾਰੀਆਂ ਦੇ ਤੰਦਰੁਸਤੀ ਦੇ ਪੱਧਰ ਨੂੰ ਬਣਾਈ ਰੱਖਣਾ ਅਤੇ ਕੋਚ ਤਿਆਰ ਕਰਨ ਆਦਿ ਸ਼ਾਮਲ ਹਨ।