ਲੁਧਿਆਣਾ :ਚੇਪੇ ਦਾ ਹਮਲਾ ਸਿੱਟਿਆਂ ਉੱਪਰ ਹੋਵੇ ਤਾਂ ਦਾਣੇ ਛੋਟੇ ਰਹਿ ਜਾਂਦੇ ਹਨ ਅਤੇ ਬਹੁਤ ਵਾਰ ਇਹ ਹਲਕੇ ਦਾਣੇ ਥਰੈਸ਼ਰ ਨਾਲ ਕਣਕ ਕੱਢਣ ਵੇਲੇ ਤੂੜੀ ਵਿੱਚ ਚਲੇ ਜਾਂਦੇ ਹਨ ਅਤੇ ਇਸ ਨਾਲ ਝਾੜ ਘੱਟ ਜਾਂਦਾ ਹੈ। ਬੱਦਲਵਾਈ ਵਾਲਾ ਮੌਸਮ ਇਸਦੇ ਹਮਲੇ ‘ਚ ਵਾਧੇ ਲਈ ਢੁੱਕਵਾਂ ਹੁੰਦਾ ਹੈ।
ਇਸ ਸੰਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਿਫ਼ਾਰਿਸ਼ਾਂ ਜਾਰੀ ਕੀਤੀਆਂ ਹਨ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ ਪ੍ਰਦੀਪ ਕੁਮਾਰ ਛੁਨੇਜਾ ਨੇ ਕਿਹਾ ਕਿ ਚੇਪੇ ਦੀ ਪਛਾਣ ਅਤੇ ਰੋਕਥਾਮ ਲਈ ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਛਿੜਕਾਅ ਸਿਰਫ ਉਸ ਵੇਲੇ ਕਰਨ ਜਦੋਂ ਇੱਕ ਸਿੱਟੇ ਉੱਪਰ ਘੱਟੋ-ਘੱਟ ਪੰਜ ਚੇਪੇ ਹੋਣ। ਇਸ ਲਈ ਇੱਕ ਏਕੜ ਖੇਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਹਰ ਹਿੱਸੇ ਵਿੱਚ 10 ਬੂਟਿਆਂ ਉੱਪਰ ਚੇਪੇ ਲਈ ਸਰਵੇਖਣ ਕਰੋ।
ਚੇਪੇ ਦੀ ਰੋਕਥਾਮ ਲਈ 20 ਗ੍ਰਾਮ ਐਕਟਾਰਾ/ਤਾਈਓ (ਥਾਇਆਮੈਥੋਕਸਮ 25 ਡਬਲਯੂ ਜੀ) ਨੂੰ 80-100 ਲਿਟਰ ਪਾਣੀ ਵਿੱਚ ਘੋਲਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਇੰਜਨ ਵਾਲੇ ਪੰਪ ਲਈ ਪਾਣੀ ਦੀ ਮਾਤਰਾ 30 ਲਿਟਰ ਰੱਖੋ। ਉਨ੍ਹਾ ਕਿਹਾ ਕਿ ਜੇਕਰ ਖੇਤ ਵਿੱਚ ਮਿੱਤਰ ਕੀੜੇ ਹੋਣ ਅਤੇ ਇਕ ਸਿੱਟੇ ਉੱਪਰ ਚੇਪਿਆਂ ਦੀ ਗਿਣਤੀ ਪੰਜ ਤੋ ਘੱਟ ਹੋਵੇ ਤਾਂ ਛਿੜਕਾਅ ਨਾ ਕੀਤਾ ਜਾਵੇ।