ਸੰਗਰੂਰ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਭਾਈ ਅਗਰੀਕ ਸਿੰਘ ਅਜਨਾਲਾ ਦਾ ਆਪਸੀ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚਲਦਿਆਂ ਜਿੱਥੇ ਬੀਤੇ ਦਿਨੀ ਅਜਨਾਲਾ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ ਢੱਡਰੀਆਂਵਾਲੇ ਦੇ ਦੀਵਾਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਸੀ ਉੱਥੇ ਹੀ ਢੱਡਰੀਆਂਵਾਲੇ ਵੱਲੋਂ ਵੀ ਲਗਾਤਾਰ ਬਿਆਨਬਾਜੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਅਮਰੀਕ ਸਿੰਘ ਅਜਨਾਲਾ ਨੇ ਇੱਕ ਵਾਰ ਫਿਰ ਬਿਆਨਬਾਜੀ ਕੀਤੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਪਿੰਡ ਕੋਨਦੁੰਨਾ ਕੋਲੋਂ ਗ੍ਰਿਫਤਾਰ ਕੀਤੇ ਗਏ ਸਿੰਘਾ ਨੂੰ ਅੱਜ ਪੁਲਿਸ ਵੱਲੋਂ ਰਿਹਾਅ ਕੀਤੇ ਜਾਣ ਬਾਰੇ ਅਜਨਾਲਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਸ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਅਜਨਾਲਾ ਨੇ ਕਿਹਾ ਕਿ ਉਨ੍ਹਾਂ ਦਾ ਜਾਤੀ ਤੌਰ ‘ਤੇ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਗਏ ਸਿੰਘਾਂ ਨੂੰ ਧਨੌਲਾ ਥਾਣੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਅਜਨਾਲਾ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜਦੋਂ ਤੱਕ ਢੱਡਰੀਆਂਵਾਲਾ ਸਿੱਖ ਸਿਧਾਂਤਾਂ ‘ਤੇ ਅਮਲ ਨਹੀਂ ਕਰਦਾ ਉਦੋਂ ਤੱਕ ਉਨ੍ਹਾਂ ਦੀ ਇਹ ਅਮਨ ਸ਼ਾਂਤੀ ਨਾਲ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਰਕਾਰ ਦੀ ਦੇਖ ਰੇਖ ਵਿੱਚ ਹੁੰਦਾ ਹੈ ਅਤੇ ਇਹ ਇੱਕ ਸਰਕਾਰੀ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਵੱਲੋਂ ਢੱਡਰੀਆਂਵਾਲੇ ਨੂੰ ਵਿਚਾਰ ਕਰਨ ਲਈ ਵਾਰ ਵਾਰ ਕਿਹਾ ਜਾ ਰਿਹਾ ਹੈ ਪਰ ਉਹ ਹੰਕਾਰ ਵਿੱਚ ਆ ਕੇ ਵਿਚਾਰ ਕਰਨ ਲਈ ਤਿਆਰ ਨਹੀਂ ਹੈ।