ਲੁਧਿਆਣਾ: ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜੇ ਗਏ ਗੁਰਦੀਪ ਸਿੰਘ ਰਾਣੋ ਨਾਮਕ ਨਸ਼ਾ ਤਸਕਰ ਦੇ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਕੈਪਟਨ ਦੇ ਸਲਾਹਕਾਰ ਅੰਕਿਤ ਬਾਂਸਲ ਨਾਲ ਗੂੜ੍ਹੇ ਸੰਬੰਧਾਂ ਉੱਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ ਨੇ ਪੰਜਾਬ ਵਿੱਚ ਅਕਾਲੀ ਅਤੇ ਕਾਂਗਰਸੀ ਆਗੂਆਂ ਦੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮਿਲੀਭੁਗਤ ਹੋਣ ਦਾ ਇਲਜ਼ਾਮ ਲਗਾਇਆ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਹ ਨਸ਼ਾ ਤਸਕਰ ਪਹਿਲਾਂ ਅਕਾਲੀ ਸਰਕਾਰ ਵੇਲੇ ਉਸ ਸਮੇਂ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਕਾਰਜ ਕਰ ਰਹੇ ਸਨ ਅਤੇ ਸਰਕਾਰ ਬਦਲਣ ਤੋਂ ਬਾਅਦ ਹੁਣ ਕਾਂਗਰਸੀ ਆਗੂ ਇਨ੍ਹਾਂ ਨੂੰ ਪਨਾਹ ਦੇ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿਚ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜਾਂ ਦੀ ਨਿਗਰਾਨੀ ਹੇਠ ਸੀਬੀਆਈ ਦੀ ਸਮਾਂਬੱਧ ਜਾਂਚ ਦੀ ਮੰਗ ਕਰਦਿਆਂ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਵਾਲੇ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਾਣੋ ਕੋਲੋਂ ਫੜੇ ਗਏ ਭਾਰੀ ਮਾਤਰਾ ਵਿੱਚ ਨਸ਼ੇ, ਪੈਸੇ ਅਤੇ ਦਰਜਨਾਂ ਮਹਿੰਗੀਆਂ ਕਾਰਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਦਾ ਕੰਮ ਅਕਾਲੀ ਸਰਕਾਰ ਵਾਂਗੂੰ ਜਿਉਂ ਦਾ ਤਿਉਂ ਹੀ ਚੱਲ ਰਿਹਾ ਹੈ। ਮੌਜੂਦਾ ਸਰਕਾਰ ਉੱਤੇ ਸਵਾਲ ਖੜੇ ਕਰਦਿਆਂ ਹੇਅਰ ਨੇ ਕਿਹਾ ਕਿ ਸਰਕਾਰ ਇਹ ਸਪਸ਼ਟ ਕਰੇ ਕਿ ਅਜਿਹੇ ਨਸ਼ਾ ਤਸਕਰ ਨੂੰ ਸਰਕਾਰ ਨੇ ਕਿਸ ਆਧਾਰ ਤੇ ਪੁਲੀਸ ਦੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ।
ਕੈਪਟਨ ਅਮਰਿੰਦਰ ਸਿੰਘ ਦੁਆਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੱਥ ਵਿਚ ਸ੍ਰੀ ਗੁਟਕਾ ਸਾਹਿਬ ਫੜ ਕੇ ਪੰਜਾਬ ਵਿਚੋਂ ਚਾਰ ਹਫ਼ਤਿਆਂ ਵਿਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਬਾਰੇ ਬੋਲਦਿਆਂ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਲਈ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਅਤੇ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਬਾਦਲਾਂ ਨੂੰ ਬਚਾਉਣ ਤੋਂ ਸਿਵਾ ਹੋਰ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਤੋਂ ਬਿਨਾਂ ਟਰਾਂਸਪੋਰਟ, ਰੇਤ ਅਤੇ ਹੋਰ ਅਨੇਕਾਂ ਕਿਸਮ ਦੇ ਮਾਫ਼ੀਏ ਹੁਣ ਵੀ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਵੱਲੋਂ ਇਕੱਠੇ ਚਲਾਏ ਜਾ ਰਹੇ ਹਨ ਜਿਸ ਤੋਂ ਪੰਜਾਬੀਆ ਦੁਆਰਾ ਸਮੇਂ ਸਮੇਂ ਤੇ ਉਠਾਏ ਜਾ ਰਹੇ ਸ਼ੰਕੇ ਕਿ ਅਕਾਲੀ ਅਤੇ ਕਾਂਗਰਸੀ ਮਿਲੇ ਹੋਏ ਹਨ ਦੀ ਪ੍ਰੋੜ੍ਹਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੱਖਾਂ ਨੌਜਵਾਨਾਂ ਦੀ ਜ਼ਿੰਦਗੀਆਂ ਤਬਾਹ ਕਰਨ ਲਈ ਕੈਪਟਨ ਤੇ ਬਾਦਲ ਪੰਜਾਬ ਦੇ ਲੋਕਾਂ ਦੇ ਦੋਸ਼ੀ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਫਾਰਮ ਹਾਊਸ ਵਿਚੋਂ ਬਾਹਰ ਨਿਕਲ ਕੇ ਪੰਜਾਬ ਦੇ ਧਰਾਤਲ ਉੱਤੇ ਚੱਲ ਰਹੇ ਮੁੱਦਿਆਂ ਦੀ ਜਾਣਕਾਰੀ ਲੈਣ ਦੀ ਸਲਾਹ ਦਿੱਤੀ।
ਮਾਝੇ ਦੇ ਜ਼ਿਲਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਠੋਸ ਕਾਰਵਾਈ ਨਾ ਕਰਨ ਉੱਤੇ ਬੋਲਦਿਆਂ ਹੇਅਰ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸੀ ਆਗੂ ਨਾਜਾਇਜ਼ ਢੰਗ ਨਾਲ ਸ਼ਰਾਬ ਦੀ ਸਪਲਾਈ ਦਾ ਕਾਰਜ ਕਰ ਰਹੇ ਹਨ ਜਿਸ ਕਾਰਨ ਸਰਕਾਰ ਨਕਲੀ ਸ਼ਰਾਬ ਬਣਾਉਣ ਵਾਲਿਆਂ ਉੱਤੇ ਮਿਹਰਬਾਨ ਹੈ। ਹੇਅਰ ਨੇ ਕਿਹਾ ਕਿ ਸਰਕਾਰ ਦੀ ਮਿਲੀਭੁਗਤ ਤੋਂ ਬਿਨਾ ਕੋਰੋਨਾ ਦੇ ਸਮੇਂ ਵਿਚ ਲੌਕਡਾਊਨ ਦੇ ਦੌਰਾਨ ਵੀ ਖੰਨਾ ਅਤੇ ਰਾਜਪੁਰਾ ਵਿਚ ਨਾਜਾਇਜ਼ ਸ਼ਰਾਬ ਦੀਆਂ ਫ਼ੈਕਟਰੀਆਂ ਫੜੀਆਂ ਗਈਆਂ ਸਨ, ਪਰੰਤੂ ਕਾਂਗਰਸੀ ਆਗੂਆਂ ਅਤੇ ਕੈਪਟਨ ਦੇ ਚਹੇਤਿਆਂ ਦੇ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ।
ਮੀਤ ਹੇਅਰ ਨੇ ਕਿਹਾ ਕਿ ਇਸ ਸਮੇਂ ਨਸ਼ੇ ਦੇ ਨਾਲ-ਨਾਲ ਪੰਜਾਬ ਦੀ ਕਾਨੂੰਨ ਅਤੇ ਨਿਆਂ ਵਿਵਸਥਾ ਵੀ ਡਗਮਗਾ ਚੁੱਕੀ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਆਪਣੀ ਸ਼ਾਹੀ ਠਾਠ-ਬਾਠ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਉਡਾਉਣ ਵਿੱਚ ਮਸਰੂਫ਼ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੰਜਾਬ ਵਿਚ ਨਸ਼ੇ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਸ਼ੇ ਨੂੰ ਨੱਥ ਪਾਵੇ ਅਤੇ ਪਿਛਲੀ ਅਕਾਲੀ ਸਰਕਾਰ ਦੌਰਾਨ ਨਸ਼ੇ ਦਾ ਵਪਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।
ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਾਸ਼ੀ ਵਿਚ ਘਪਲੇ ਬਾਰੇ ਅਕਾਲੀ ਦਲ ਦੁਆਰਾ ਕੀਤੇ ਜਾ ਰਹੇ ਪਾਖੰਡ ਬਾਰੇ ਬੋਲਦਿਆਂ ਹੇਅਰ ਨੇ ਕਿਹਾ ਕਿ ਜੇਕਰ ਅਕਾਲੀ ਸਰਕਾਰ ਸਮੇਂ ਹੋਏ 1200 ਕਰੋੜ ਦੇ ਘਪਲੇ ਦੀ ਜਾਂਚ ਕਰਕੇ ਦੋਸ਼ੀਆਂ ‘ਤੇ ਕਾਰਵਾਈ ਕੀਤੀ ਹੁੰਦੀ ਤਾਂ ਸਾਧੂ ਸਿੰਘ ਧਰਮਸੋਤ ਦਲਿਤ ਬੱਚਿਆਂ ਦੇ 64 ਕਰੋੜ ਰੁਪਏ ਹੜੱਪਣ ਦਾ ਹੀਲਾ ਨਾ ਕਰਦਾ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ਵਿਚ ਦਲਿਤਾਂ ‘ਤੇ ਹੋਏ ਅੱਤਿਆਚਾਰਾਂ ਤੋਂ ਹਰ ਪੰਜਾਬੀ ਭਲੀ-ਭਾਂਤੀ ਜਾਣੂ ਹੈ ਸੋ ਸੁਖਬੀਰ ਬਾਦਲ ਨੂੰ ਹੁਣ ‘ਦਲਿਤਾਂ ਦਾ ਮਸੀਹਾ’ ਬਣਨ ਦਾ ਢੌਂਗ ਕਰਨਾ ਛੱਡ ਦੇਣਾ ਚਾਹੀਦਾ ਹੈ। ਇਸ ਮੌਕੇ ਯੂਥ ਵਿੰਗ ਦਾ ਉਪ ਪ੍ਰਧਾਨ ਅਮਨਦੀਪ ਸਿੰਘ ਮੋਹੀ, ਜ਼ਿਲਾ ਪ੍ਰਧਾਨ ਸ਼ਹਿਰੀ ਸੁਰੇਸ਼ ਗੋਇਲ, ਜ਼ਿਲਾ ਪ੍ਰਧਾਨ ਦੇਹਾਤੀ ਹਰਭੁਪਿੰਦਰ ਸਿੰਘ ਧਰੌੜ, ਸ਼ਰਨਪਾਲ ਸਿੰਘ ਮਕੱੜ ਸੈਕਟਰੀ ਲੁਧਿਆਣਾ, ਗੁਰਦਰਸ਼ਨ ਸਿੰਘ ਕੂਲੀ ਡਿਪਟੀ ਜਿਲਾ ਇੰਚਾਰਜ ਲੁਧਿਆਣਾ ਦੇਹਾਤੀ ਅਤੇ ਸੀਨੀਅਰ ਯੂਥ ਆਗੂ ਪ੍ਰੋ. ਤੇਜਪਾਲ ਸਿੰਘ ਗਿੱਲ ਮੌਜੂਦ ਸਨ।