ਲੰਦਨ: ਬ੍ਰਿਟੇਨ ਦੇ ਸਭ ਤੋਂ ਵੱਡੇ ਪਰਿਵਾਰ ਵਿੱਚ ਇੱਕ ਹੋਰ ਨੰਨ੍ਹਾਂ ਮਹਿਮਾਨ ਆਉਣ ਵਾਲਾ ਹੈ। ਇੱਥੋਂ ਦੀ 21 ਬੱਚਿਆਂ ਦੀ ਮਾਂ ਬਣ ਚੁੱਕੀ 44 ਸਾਲਾ ਸੂ ਰੈਡਫੋਰਡ ਫਿਰ ਤੋਂ ਗਰਭਵਤੀ ਹੈ ਤੇ ਉਹ ਆਪਣੇ 22ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ਸੂ ਦੇ 48 ਸਾਲਾ ਪਤੀ ਨੋਏਲ ਆਪਣੇ 22ਵੇਂ ਬੱਚੇ ਨੂੰ ਲੈ ਕੇ ਬਹੁਤ ਖੁਸ਼ ਹਨ।
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਰੈਡਫੋਰਡ ਪਰਿਵਾਰ ਬ੍ਰਿਟੇਨ ਦੇ ਮੋਰੇਕੈਮਬੋ ਵਿੱਚ ਰਹਿੰਦਾ ਹੈ। ਸੂ ਬ੍ਰਿਟੇਨ ਵਿੱਚ ਸੁਪਰਮਾਮ ਦੇ ਨਾਮ ਨਾਲ ਮਸ਼ਹੂਰ ਹੈ ਉਨ੍ਹਾਂ ਨੇ ਇਹ ਖੁਸ਼ਖਬਰੀ ਯੂ-ਟਿਊਬ ‘ਤੇ ਸਾਂਝੀ ਕੀਤੀ। ਵੀਡੀਓ ਵਿੱਚ ਸੂ ਨੇ ਆਪਣੀ ਅਲਟਰਾ ਸਾਊਂਡ ਰਿਪੋਰਟ ਨੂੰ ਨਾਲ ਲੈ ਕੇ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਸਾਂਝੀ ਕੀਤੀ।
ਸੂ ਨੇ ਦੱਸਿਆ ਕਿ ਉਹ 15 ਹਫਤੇ ਦੀ ਗਰਭਵਤੀ ਹੈ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਉਹ ਮੁੰਡੇ ਨੂੰ ਜਨਮ ਦੇਣ ਵਾਲੀ ਹੈ। ਸੂ ਨੇ ਇਹ ਵੀ ਦੱਸਿਆ ਕਿ ਅਪ੍ਰੈਲ ਵਿੱਚ ਉਨ੍ਹਾਂ ਦੀ ਡਿਲੀਵਰੀ ਹੋਵੇਗੀ। ਆਖਰੀ ਵਾਰ ਸੂ ਨੇ ਸਾਲ 2018 ਵਿੱਚ ਲੜਕੀ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਇਸ ਵਾਰ ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਤਾਂ ਉਨ੍ਹਾਂ ਦੇ ਬੱਚਿਆਂ ਵਿੱਚ 11 ਲੜਕੇ ਤੇ 11 ਲੜਕੀਆਂ ਹੋ ਜਾਣਗੀਆਂ।
ਰਿਪੋਰਟ ਦੇ ਮੁਤਾਬਕ, ਰੈਡਫੋਰਡ ਦਾ ਇਨ੍ਹੇ ਵੱਡੇ ਪਰਿਵਾਰ ਦਾ ਗੁਜ਼ਾਰਾ ਬੇਕਰੀ ਦੇ ਬਿਜ਼ਨਸ ਤੋਂ ਚਲਦਾ ਹੈ। ਪੂਰਾ ਪਰਿਵਾਰ 10 ਕਮਰਿਆਂ ਦੇ ਘਰ ਵਿੱਚ ਰਹਿੰਦਾ ਹੈ ਤੇ ਇਨ੍ਹਾਂ ਦੇ ਸਭ ਤੋਂ ਵੱਡੇ ਬੇਟੇ ਕਰਿਸ ਅਤੇ ਸੋਫੀ ਪਰਿਵਾਰ ਤੋਂ ਵੱਖ ਰਹਿਣ ਲੱਗੇ ਹਨ ਤੇ ਬਾਕੀ ਸਾਰੇ ਬੱਚੇ ਆਪਣੇ ਮਾਂ – ਬਾਪ ਦੇ ਨਾਲ ਹੀ ਰਹਿੰਦੇ ਹਨ। ਦੱਸ ਦੇਈਏ ਕਿ ਨੌਂਵੇ ਬੱਚੇ ਤੋਂ ਬਾਅਦ ਪਰਿਵਾਰ ਦੇ ਮੁਖੀ ਨੋਏਲ ਨੇ ਨਸਬੰਦੀ ਕਰਵਾ ਲਈ ਸੀ ਪਰ ਹੋਰ ਬੱਚਿਆਂ ਦੀ ਚਾਹਤ ‘ਚ ਉਨ੍ਹਾਂ ਨੇ ਫਿਰ ਤੋਂ ਸਰਜਰੀ ਕਰਵਾ ਲਈ ਸੀ।