ਨਾਭਾ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਨਾਭਾ ਦੇ ਰਹਿਣ ਵਾਲੇ ਨੌਜਵਾਨ ਪ੍ਰੀਤਇੰਦਰ ਸਿੰਘ ਭੰਦੋਹਲ ਨੇ ਆਨਲਾਈਨ ਪੜ੍ਹਾਈ ਕਰਕੇ ਬਿਨਾਂ ਵੀਜ਼ੇ ਤੋਂ ਕੈਨੇਡਾ ਵਿੱਚ ਵਕੀਲ ਬਣ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਕੈਨੇਡੀਅਨ ਵਕੀਲ ਪ੍ਰੀਤਇੰਦਰ ਸਿੰਘ ਭੰਦੋਹਲ ਨੂੰ ਨਾਭਾ ਬਾਰ ਐਸੋਸੀਏਸ਼ਨ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪ੍ਰੀਤਇੰਦਰ ਸਿੰਘ ਭੰਦੋਹਲ ਨੇ ਕਿਹਾ ਕਿ, ‘ਮੈਨੂੰ ਆਨਲਾਈਨ ਪੜ੍ਹਾਈ ਕਰਨ ‘ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਇਹ ਮੁਕਾਮ ਹਾਸਲ ਕਰਨ ਦੇ ਲਈ ਮੈਂ ਰਾਤ ਨੂੰ 8-8 ਘੰਟੇ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਅਤੇ ਦਿਨ ਰਾਤ ਇੱਕ ਕਰਕੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ।’
ਪ੍ਰੀਤਇੰਦਰ ਨੇ ਕਿਹਾ ਮੇਰੇ ਇਸ ਮੁਕਾਮ ਹਾਸਲ ਕਰਨ ਵਿੱਚ ਮੇਰੇ ਮਾਪਿਆਂ ਦਾ ਬਹੁਤ ਵੱਡਾ ਰੋਲ ਹੈ। ਜਿਸ ਨੂੰ ਹਾਸਲ ਕਰਕੇ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਮੈਂ ਨਾਭਾ ਬਾਰ ਐਸੋਸੀਏਸ਼ਨ ਤੋਂ ਫ੍ਰੀ ਸੈਮੀਨਾਰ ਦੀ ਸ਼ੁਰੂਆਤ ਕੀਤੀ ਅਤੇ ਹੁਣ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ‘ਚ ਜਾ ਕੇ ਫਰੀ ਸੈਮੀਨਾਰ ਦੇ ਜ਼ਰੀਏ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗਾ।