ਫਰੀਦਕੋਟ: ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਜਿੱਥੇ ਐਸਜੀਪੀਸੀ ਲਗਾਤਾਰ ਪੰਜਾਬ ‘ਚ ਕੋਵਿਡ ਸੈਂਟਰ ਬਣਾ ਕੇ ਮਰੀਜ਼ਾਂ ਨੂੰ ਮੁਫ਼ਤ ਵਧੀਆ ਇਲਾਜ ਦੇਣ ਦੇ ਉਪਰਾਲੇ ਕਰ ਰਹੀ ਹੈ, ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਯੂਥ ਨੇ ਵੀ ਆਪਣੇ ਵਲੋਂ ਕੋਵਿਡ ਸੈਂਟਰ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਸ ਦੇ ਚਲਦਿਆਂ ਹੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਫਰੀਦਕੋਟ ਦੇ ਇੱਕ ਕਾਲਜ ਨੂੰ ਕੋਵਿਡ ਸੈਂਟਰ ਬਣਾਇਆ ਗਿਆ ਹੈ। ਜਿਸਦੇ ਵਿੱਚ 25 ਬੈੱਡਾਂ ਦੇ ਨਾਲ ਆਕਸੀਜਨ ਕਨਸਨਟ੍ਰੇਟਰ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ ਅਤੇ ਇਸ ਸੈਂਟਰ ‘ਚ ਜਿੰਨਾ ਡਾਕਟਰੀ ਸਟਾਫ ਹੋਵੇਗਾ, ਉਨ੍ਹਾਂ ਦੀ ਬਣਦੀ ਸੈਲਰੀ ਵੀ ਯੂਥ ਅਕਾਲੀ ਦਲ ਆਪਣੀ ਜੇਬ੍ਹ ‘ਚੋਂ ਅਦਾ ਕਰੇਗਾ। ਇਸ ਸੈਂਟਰ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹੁੰਚ ਕੇ ਲੋਕ ਅਰਪਣ ਕਰ ਦਿੱਤਾ ਹੈ।
ਕੋਵਿਡ ਸੈਂਟਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫਰੀਦਕੋਟ ਅਤੇ ਨਾਲ ਲਗਦੇ ਇਲਾਕੇ ਦੇ ਕੋਰੋਨਾ ਮਰੀਜ਼ਾਂ ਨੂੰ ਵੱਡੀ ਸਹੂਲਤ ਦੇਣ ਲਈ ਜੋ ਯੂਥ ਅਕਾਲੀ ਦਲ ਨੇ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਹੁਣ ਇਥੋਂ ਦੇ ਕੋਰੋਨਾ ਮਰੀਜ਼ਾਂ ਦਾ ਸਾਰਾ ਇਲਾਜ ਯੂਥ ਅਕਾਲੀ ਦਲ ਆਪਣੇ ਖਰਚੇ ‘ਤੇ ਕਰਵਾਏਗਾ, ਮਰੀਜ਼ਾਂ ਦਾ ਇੱਕ ਪੈਸਾ ਨਹੀਂ ਲੱਗਣ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ, ‘ਇਹ ਕੰਮ ਸਰਕਾਰ ਦਾ ਹੁੰਦਾ ਹੈ। ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਉਨ੍ਹਾਂ ਦੇ ਸੂਬੇ ਵਿੱਚ ਲੋਕਾਂ ‘ਤੇ ਕੋਈ ਆਫ਼ਤ ਆਉਂਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਸਰਕਾਰ ਅੱਗੇ ਹੋਕੇ ਲੜਾਈ ਲੜਦੀ ਹੈ ਪਰ ਹੈਰਾਨੀ ਦੀ ਗੱਲ ਆ ਸੂਬੇ ਦੇ ਮੁੱਖ ਮੰਤਰੀ ਨੇ ਇਹ ਲੜਾਈ ਤਾਂ ਕੀ ਲੜਨੀ ਸੀ ਉਹ ਤਾਂ ਆਪਣੇ ਫਾਰਮ ਹਾਊਸ ਤੋਂ ਬਾਹਰ ਹੀ ਨਹੀਂ ਨਿਕਲੇ।’