ਅੰਮ੍ਰਿਤਸਰ ‘ਚ ਲੜਕੀ ਦਾ ਗੋਲ਼ੀਆਂ ਮਾਰ ਕੇ ਕਤਲ, ਪਿਸਤੌਲ ਮ੍ਰਿਤਕ ਦੇਹ ‘ਤੇ ਰੱਖ ਕੇ ਫਰਾਰ ਹੋਏ ਮੁਲਜ਼ਮ

TeamGlobalPunjab
1 Min Read

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੀ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਦਰਅਸਲ ਅੰਮ੍ਰਿਤਸਰ ਦੇ ਮਜੀਠਾ ਰੋਡ ਰਿਸ਼ੀ ਵਿਹਾਰ ਗੰਡਾ ਸਿੰਘ ਵਾਲਾ ਦੀ ਰਹਿਣ ਵਾਲੀ ਇੱਕ ਲੜਕੀ ਦਾ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਲੜਕੀ ਦੀ ਲਾਸ਼ ਪਿੰਡ ਪੰਡੋਰੀ ਦੇ ਨਜ਼ਦੀਕ ਸੁੱਟ ਦਿੱਤੀ ਤੇ ਪਿਸਤੌਲ ਉਸ ਦੀ ਛਾਤੀ ‘ਤੇ ਰੱਖ ਕੇ ਚੱਲੇ ਗਏ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਸਵੇਰੇ 6.00 ਵਜੇ ਮਿਲੀ ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ।

ਫਿਲਹਾਲ ਥਾਣਾ ਕੰਬੋ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਲੜਕੀ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਅਮਨਪ੍ਰੀਤ ਕੌਰ ਸੈਲੂਨ ‘ਚ ਕੰਮ ਕਰਦੀ ਹੈ ਤੇ ਬੁੱਧਵਾਰ ਸ਼ਾਮ ਉਸ ਨੂੰ ਫੋਨ ਆਇਆ ਸੀ ਕਿ ਉਸ ਨੇ ਕਿਸੇ ਦਾ ਫੇਸ਼ਿਅਲ ਕਰਨ ਜਾਣਾ ਹੈ। ਪਰ 5.00 ਵਜੇ ਤੋਂ ਬਾਅਦ ਉਸ ਦਾ ਫੋਨ ਨਹੀਂ ਆਇਆ। ਰਾਤ ਤੱਕ ਉਹ ਉਸ ਨੂੰ ਫੋਨ ਕਰਦੇ ਰਹੇ ਪਰ ਉਸ ਨੇ ਫੋਨ ਨਹੀਂ ਚੁੱਕਿਆ। ਸਵੇਰੇ ਹੀ ਪੁਲਿਸ ਦਾ ਫੋਨ ਆਇਆ ਸੀ ਕਿ ਉਨ੍ਹਾਂ ਦੀ ਲੜਕੀ ਦੀ ਲਾਸ਼ ਪੰਡੋਰੀ ਕੋਲ ਪਈ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਦੀ ਪਛਾਣ ਜਲਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Share This Article
Leave a Comment