ਲੇੇਖਿਕਾ ਦੀਪ ਮੋਹਿਨੀ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੀ ਜੀਵਨ ਸਾਥਣ ਲੇਖਿਕਾ ਦੀਪ ਮੋਹਿਨੀ 85 ਸਾਲਾਂ ਦੀ ਉਮਰ ਵਿਚ ਕੋਲਕਾਤਾ ਵਿਖੇ ਸਦੀਵੀ ਵਿਛੋੜਾ ਦੇ ਗਏ। ਸ਼੍ਰੀਮਤੀ ਦੀਪ ਮੋਹਿਨੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੰਬ (ਨੇੜੇ ਧਿਆਨਪੁਰ) ਦੇ ਜੱਦੀ ਵਸਨੀਕ ਸ: ਪਿਆਰਾ ਸਿੰਘ ਰੰਧਾਵਾ ਦੇ ਘਰ ਜਨਮੇ ਸਨ। ਮੋਹਨ ਕਾਹਲੋਂ ਨਾਲ ਸ਼ਾਦੀ ਉਪਰੰਤ ਆਪ ਵੇਰਕਾ (ਅੰਮ੍ਰਿਤਸਰ) ‘ਚ ਰਹਿਣ ਲੱਗੇ। ਆਪ ਦਾ ਸਪੁੱਤਰ ਰਾਜਪਾਲ ਸਿੰਘ ਕਾਹਲੋਂ ਆਈ. ਏ. ਐੱਸ. ਅਧਿਕਾਰੀ ਬਣਿਆ ਅਤੇ ਦੋ ਸਾਲ ਪਹਿਲਾਂ ਹੀ ਉਹ ਪੱਛਮੀ ਬੰਗਾਲ ਤੋਂ ਚੀਫ਼ ਸੈਕਟਰੀ ਦੇ ਬਰਾਬਰ ਰੁਤਬੇ ਤੋਂ ਸੇਵਾ ਮੁਕਤ ਹੋਇਆ ਹੈ। ਉਨ੍ਹਾਂ ਦੀ ਬੇਟੀ ਇਰਾ ਕਾਹਲੋਂ ਵੀ ਕੋਲਕਾਤਾ ਵਿਖੇ ਰਹਿੰਦੀ ਹੈ। ਅਤਿਵਾਦ ਦੌਰਾਨ ਦੀਪ ਮੋਹਿਨੀ ਦੇ ਨਿੱਕੇ ਵੀਰ ਕਵੀਰਾਜ ਸਿੰਘ ਰੰਧਾਵਾ ਸੰਪਾਦਕ ‘ਲੋਕ ਮਾਰਗ’ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਨਾਲ ਉਹ ਅੰਦਰੋਂ ਲਗਪਗ ਟੁੱਟ ਗਏ ਸਨ।

ਦੀਪ ਮੋਹਿਨੀ ਨੇ ਦੇਸ਼ ਦੀ ਵੰਡ ਬਾਰੇ ਚਰਚਿਤ ਨਾਵਲ ‘ਧੁੰਦ ਵਿੱਚ ਇੱਕ ਸਵੇਰ’ ਅਤੇ ਇਕ ਕਹਾਣੀ ਸੰਗ੍ਰਹਿ ‘ਦੋ ਰਾਤਾਂ ਦਾ ਫ਼ਾਸਲਾ’ ਸਾਹਿਤ ਜਗਤ ਦੀ ਝੋਲੀ ਪਾਏ। ਉਨ੍ਹਾਂ ਦਾ ਨਾਵਲ ‘ਧੁੰਦ ਵਿੱਚ ਇੱਕ ਸਵੇਰ’ ਮਾਸਿਕ ਪੱਤਰ ‘ਦ੍ਰਿਸ਼ਟੀ’ ‘ਚ ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੌਰਾਨ ਛਪਿਆ ਤਾਂ ਦੇਸ਼-ਵਿਦੇਸ਼ ਵਿਚ ਬਹੁਤ ਸਰਾਹਿਆ ਗਿਆ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਭਾ ਦੀ ਸਮੁਚੀ ਕਾਰਜਕਾਰਨੀ ਵੱਲੋਂ ਦੀਪ ਮੋਹਿਨੀ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Share This Article
Leave a Comment