-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;
ਸਰੀਰਕ ਊਣਤਾਈਆਂ ਕਿਸੇ ਦੇ ਵੀ ਆਪਣੇ ਵੱਸ ਦੀ ਗੱਲ ਨਹੀਂ ਹਨ ਤੇ ਸਰੀਰਕ ਜਾਂ ਮਾਨਸਿਕ ਪੱਖੋਂ ਊਣੇ ਕਿਸੇ ਵੀ ਵਿਅਕਤੀ ਨੂੰ ਉਸਦੇ ਜਿਊਣ ਦਾ ਮੂਲ ਮਨੁੱਖੀ ਅਧਿਕਾਰ ਹਰ ਹਾਲ ਵਿੱਚ ਮਿਲਣਾ ਹੀ ਚਾਹੀਦਾ ਹੈ। ਜਿਹੜੇ ਮਨੁੱਖ ਸਰੀਰਕ ਜਾਂ ਮਾਨਸਿਕ ਪੱਖੋਂ ਊਣੇ ਨਹੀਂ ਹਨ ਇਹ ਉਨ੍ਹਾ ਦਾ ਫ਼ਰਜ਼ ਬਣਦਾ ਹੈ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣ ਤੇ ਸਭ ਦੇ ਸੁੱਖ ਦਾ ਖ਼ਿਆਲ ਰੱਖਣ। ਇਨ੍ਹਾ ਮੂਲ ਭਾਵਨਾਵਾਂ ਨੂੰ ਕੇਂਦਰ ‘ਚ ਰੱਖ ਕੇ ਸੰਨ 2017 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਵਿੱਚ ਸ਼ਾਮਿਲ 97 ਮੁਲਕਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਹਰ ਸਾਲ 23 ਸਤੰਬਰ ਨੂੰ ‘ਵਿਸ਼ਵ ਸੰਕੇਤ ਭਾਸ਼ਾ ਦਿਵਸ’ ਮਨਾਉਣ ਦਾ ਐਲਾਨ ਕੀਤਾ ਸੀ ਤੇ ਸਾਲ 2018 ਵਿੱਚ ਇਹ ਦਿਵਸ ਸਭ ਤੋਂ ਪਹਿਲੀ ਵਾਰ ਦੁਨੀਆਂ ਭਰ ਵਿੱਚ ਮਨਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਦਿਵਸ ਮਨਾਉਣ ਸਬੰਧੀ ਚਰਚਾ ਦੀ ਸ਼ੁਰੂਆਤ ‘ਵਰਲਡ ਫੈਡਰੇਸ਼ਨ ਆਫ਼ ਦਿ ਡੈੱਫ਼’ ਨੇ ਕੀਤੀ ਸੀ ਤੇ ਇਹ ਦਿਵਸ ਸਤੰਬਰ ਮਹੀਨੇ ‘ਚ ਹੀ ਇਸ ਕਰਕੇ ਵੀ ਮਨਾਇਆ ਜਾਂਦਾ ਹੈ ਕਿਉਂਕਿ ਸਤੰਬਰ ਵਿੱਚ ਹੀ ਦੁਨੀਆਂ ਭਰ ਵਿੱਚ ‘ਇੰਟਰਨੈਸ਼ਨਲ ਡੈੱਫ਼ ਵੀਕ’ ਵੀ ਮਨਾਇਆ ਜਾਂਦਾ ਹੈ।
ਦਰਅਸਲ ਕੰਨਾਂ ਦੀ ਸੁਣਨ ਸ਼ਕਤੀ ਤੋਂ ਵਾਂਝੇ ਵਿਅਕਤੀਆਂ ਨੂੰ ਗੱਲਬਾਤ ਸਮਝਾਉਣ ਲਈ ਸੰਕੇਤਕ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਬੋਲਣ ਸ਼ਕਤੀ ਤੋਂ ਵਾਂਝੇ ਵਿਅਕਤੀ ਵੀ ਲਿਖ ਕੇ ਜਾਂ ਸੰਕੇਤਾਂ ਰਾਹੀਂ ਆਪਣੇ ਖ਼ਿਆਲ ਪ੍ਰਗਟ ਕਰ ਲੈਂਦੇ ਹਨ। ਸੋ, ਬੋਲਣ ਜਾਂ ਸੁਣਨ ਸਮਰੱਥਾ ਤੋਂ ਵਾਂਝੇ ਵਿਅਕਤੀਆਂ ਲਈ ਸੰਕੇਤਾਂ ਦੀ ਭਾਸ਼ਾ ਇੱਕ ਵਰਦਾਨ ਹੈ ਵਰਨਾ ਪੁਰਾਣੇ ਜ਼ਮਾਨੇ ‘ਚ ਤਾਂ ਕਹਾਵਤ ਮਸ਼ਹੂਰ ਸੀ ਕਿ ‘ ਗੂੰਗੇ ਦੀਆਂ ਸੈਨਤਾਂ ਤਾਂ ਉਸਦੀ ਮਾਂ ਹੀ ਸਮਝ ਸਕਦੀ ਹੈ’। ਅਜੋਕੇ ਯੁਗ ਵਿੱਚ ਹੁਣ ਸੈਨਤਾਂ ਜਾਂ ਸੰਕੇਤਾਂ ਦੀ ਭਾਸ਼ਾ ਦੀ ਵਰਤੋਂ ਅਤੇ ਸਿਖਲਾਈ ਦਾ ਘੇਰਾ ਕਾਫੀ ਵਿਸ਼ਾਲ ਹੁੰਦਾ ਜਾ ਰਿਹਾ ਹੈ ਪਰ ਸੱਚ ਇਹ ਵੀ ਹੈ ਕਿ ਉਕਤ ਊਣਤਾਈਆਂ ਦੇ ਸ਼ਿਕਾਰ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਜਾਂ ਦੋਸਤ ਤੇ ਰਿਸ਼ਤੇਦਾਰ ਤਾਂ ਸੰਕੇਤਾਂ ਦੀ ਭਾਸ਼ਾ ਨੂੰ ਸਮਝਦੇ ਤੇ ਵਰਤਦੇ ਹਨ ਪਰ ਆਮ ਲੋਕ ਇਸ ਭਾਸ਼ਾ ਤੋਂ ਜਾਣੂ ਨਹੀਂ ਹਨ ਜਿਸ ਕਰਕੇ ਗੂੰਗੇ ਜਾਂ ਬੋਲ੍ਹੇ ਵਿਅਕੀਤਆਂ ਨੂੰ ਆਮ ਲੋਕਾਂ ਨਾਲ ਵਿਚਾਰ ਸੰਚਾਰ ਕਰਨ ਵਿੱਚ ਭਾਰੀ ਦਿੱਕਤ ਆਉਂਦੀ ਹੈ। ਇਸ ਵਾਸਤੇ ਇਸ ਦਿਨ ਦੁਨੀਆ ਭਰ ਵਿੱਚ ਇਹ ਅਹਿਦ ਕੀਤਾ ਜਾਦਾ ਹੈ ਕਿ ਸਾਰੇ ਲੋਕਾਂ ਨੂੰ ਇਹ ਭਾਸ਼ਾ ਸਿਖਾਈ ਜਾਵੇ ਤੇ ਸੰਕੇਤਾਂ ਦੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੀ ਤਰ੍ਹਾਂ ਬੋਲਚਾਲ ਦੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ।
ਸਾਲ 2019 ਲਈ ਇਸ ਦਿਵਸ ਦੀ ਮੁੱਖ ਥੀਮ ਸੀ – ‘ਸੰਕੇਤਾਂ ਦੀ ਭਾਸ਼ਾ-ਸਭ ਦਾ ਹੱਕ’ ਅਤੇ ਸਾਲ 2021 ਲਈ ਥੀਮ ਹੈ‘ ਅਸੀਂ ਸੰਕੇਤ ਭਾਸ਼ਾ ਦੀ ਵਰਤੋਂ ਮਨੁੱਖੀ ਹੱਕਾਂ ਲਈ ਕਰਦੇ ਹਾਂ।’ ਕੌਮਾਂਤਰੀ ਹਸਤੀ ਵੈਟਨ ਵੈੱਬਸਨ ਦਾ ਕਹਿਣਾ ਹੈ – ‘‘ਸੰਯੁਕਤ ਰਾਸ਼ਟਰ ਵੱਲੋਂ ਇਹ ਦਿਵਸ ਮਨਾਉਣਾ ਇਸ ਕੋਮਾਂਤਰੀ ਵਚਨ ਨੂੰ ਦੁਹਰਾਉਂਦਾ ਹੈ ਕਿ ‘ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ।” ਵਰਲਡ ਫ਼ੈਡਰੇਸ਼ਨ ਆਫ਼ ਦਿ ਡੈੱਫ਼ ਦੇ ਮੁਖੀ ਕੌਲਿਨ ਐਲਨ ਦਾ ਕਹਿਣਾ ਹੈ- ‘‘ਇਹ ਦਿਨ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਸੁਣਨ ਸਮਰੱਥਾ ਤੋਂ ਵਿਰਵੇ ਲੋਕਾਂ ਨੂੰ ਸੰਕੇਤਾਂ ਦੀ ਭਾਸ਼ਾ ਸਬੰਧੀ ਸਿਖਲਾਈ ਦੀ ਉਪਲਬਧਤਾ ਨਿੱਕੀ ਉਮਰ ‘ਚ ਹੀ ਹੋ ਜਾਣੀ ਚਾਹੀਦੀ ਹੈ ਅਤੇ ਸੁਣਨ ਸ਼ਕਤੀ ਪ੍ਰਾਪਤ ਵਿਅਕਤੀਆਂ ਨੂੰ ਬੋਲ੍ਹੇ ਲੋਕਾਂ ਨਾਲ ਮਿਲ ਕੇ ਇਹ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਸੰਕੇਤਾਂ ਦੀ ਭਾਸ਼ਾ ਦੀ ਵਰਤੋਂ ਜੀਵਨ ਦੇ ਹਰ ਖੇਤਰ ‘ਚ ਕੀਤੀ ਜਾਵੇ ਅਤੇ ਹਰੇਕ ਵਿਅਕਤੀ ਨੂੰ ਇਸ ਭਾਸ਼ਾ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇ।’’
ਸੰਪਰਕ: 97816-46008