ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਨੂਰਮਹਿਲ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਵਿਸ਼ਵ ਭੂਮੀ ਦਿਵਸ ਬਾਰੇ ਇੱਕ ਵੈਬੀਨਾਰ ਕਰਵਾਇਆ। ਇਸ ਵੈਬੀਨਾਰ ਵਿੱਚ 400 ਦੇ ਕਰੀਬ ਕਿਸਾਨਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿਭਾਗ ਦੇ ਮੁਖੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਸਹਿਯੋਗ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਕਿਸਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਵਿਸ਼ਵ ਭੂਮੀ ਦਿਵਸ ਦੇ ਮਹੱਤਵ ਬਾਰੇ ਚਾਨਣਾ ਪਾਇਆ । ਉਹਨਾਂ ਨੇ ਸਭ ਨੂੰ ‘ਭੂਮੀ ਬਚਾਓ, ਮਿੱਟੀ ਦੀ ਵਿਭਿੰਨਤਾ ਸੰਭਾਲੋ’ ਦਾ ਨਾਅਰਾ ਦਿੱਤਾ।
ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਲੁਧਿਆਣਾ ਜ਼ਿਲੈ ਦੇ ਪਿੰਡਾਂ ਭੂੰਦੜੀ ਅਤੇ ਲੀਲਾ ਵਿੱਚ ਵਿਸ਼ਵ ਭੂਮੀ ਦਿਵਸ ਸੰਬੰਧੀ ਸਮਾਗਮ ਕੀਤੇ ਗਏ। ਸ਼ੁਰੂਆਤ ਵਿੱਚ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਭੂਮੀ ਦੀ ਸਿਹਤ ਅਤੇ ਮਿੱਟੀ ਪਰਖ ਦੇ ਮਹੱਤਵ ਬਾਰੇ ਗੱਲ ਕੀਤੀ । ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਆਮਦਨ ਵਿੱਚ ਵਾਧੇ ਲਈ ਸਹਾਇਕ ਕਿੱਤਿਆਂ ਨਾਲ ਜੁੜਨ ਦੀ ਅਪੀਲ ਕਰਦਿਆਂ ਖੇਤੀ ਉਤਪਾਦਨ ਦੀ ਪ੍ਰੋਸੈਸਿੰਗ ਨੂੰ ਅਪਨਾਉਣ ਉਪਰ ਜ਼ੋਰ ਦਿੱਤਾ। ਸਹਿਯੋਗੀ ਪ੍ਰੋਫੈਸਰ ਡਾ. ਮਨਪ੍ਰੀਤ ਕੌਰ ਨੇ ਕਿਸਾਨੀ ਵਿੱਚ ਔਰਤ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਔਰਤ ਸੰਬੰਧੀ ਖੇਤੀ ਦੇ ਵੱਖ-ਵੱਖ ਕੰਮਾਂ ਦਾ ਜ਼ਿਕਰ ਕੀਤਾ। ਪਸਾਰ ਮਾਹਿਰ ਡਾ. ਲਵਲੀਸ਼ ਗਰਗ ਨੇ ਸਕਿੱਲ ਡਿਵੈਲਪਮੈਂਟ ਵੱਲੋਂ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਲਈ ਖੇਤੀ ਸਾਹਿਤ ਮਹੱਤਵ ਨੂੰ ਉਜਾਗਰ ਕੀਤਾ। ਕੋਵਿਡ ਦੌਰਾਨ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਖੇਤੀ ਸਿਖਲਾਈ ਸੰਬੰਧੀ ਡਾ. ਗਰਗ ਨੇ ਵਿਸਥਾਰ ਨਾਲ ਕਿਸਾਨਾਂ ਨੂੰ ਜਾਣੂੰ ਕਰਵਾਇਆ। ਡਾ. ਲੋਪਾ ਮੋਹਾਪਾਤਰਾ ਨੇ ਖਾਦਾਂ ਦੀ ਢੁੱਕਵੀਂ ਵਰਤੋਂ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆ ਪੱਤਾ ਰੰਗ ਚਾਰਟ ਵਿਧੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਤੀ ਅਧਿਕਾਰੀ ਸ੍ਰੀ ਗੁਰਮੁਖ ਸਿੰਘ, ਸ੍ਰੀ ਸ਼ੇਰਜੀਤ ਸਿੰਘ, ਸ੍ਰੀ ਰਵਿੰਦਰ ਸਿੰਘ ਅਤੇ ਸ੍ਰੀ ਸ਼ਮਸ਼ਾਦ ਅਹਿਮਦ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਖੇਤੀ ਵਿਕਾਸ ਅਧਿਕਾਰੀ ਸ੍ਰੀ ਕ੍ਰਿਪਾਲ ਸਿੰਘ ਨੇ ਭਾਗ ਲੈਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ।