ਵਿਨੀਪੈਗ : ਕੈਨੇਡਾ ਦੇ ਵਿਨੀਪੈਗ ਸ਼ਹਿਰ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਨੌਜਵਾਨ ਦੀ ਪਛਾਣ 36 ਸਾਲਾ ਕੁਲਬੀਰ ਸਿੰਘ ਗੁਰਾਇਆ ਵਜੋਂ ਕੀਤੀ ਗਈ ਹੈ ਜੋ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸੀ।
ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਵਿਨੀਪੈਗ ਦੇ ਇਕ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਦੀ ਪੁਸ਼ਟੀ ਤਾਂ ਕੀਤੀ ਗਈ ਹੈ ਪਰ ਸ਼ਨਾਖ਼ਤ ਜਨਤਕ ਨਹੀਂ ਕੀਤੀ। ਪੁਲਿਸ ਮੁਤਾਬਕ ਸੋਮਵਾਰ ਨੂੰ ਹਾਈਵੇਅ ‘ਤੇ ਦੋ ਗੱਡੀਆਂ ਦੀ ਟੱਕਰ ਦੌਰਾਨ ਵਿਨੀਪੈਗ ਦੇ 36 ਸਾਲਾ ਸ਼ਖਸ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇਕ ਪਿਕਅਪ ਟਰੱਕ ਹਾਈਵੇਅ-6 ‘ਤੇ ਉੱਤਰ ਵੱਲ ਜਾ ਰਿਹਾ ਸੀ ਜਦੋਂ ਇਹ ਬੇਕਾਬੂ ਹੋ ਕੇ ਦੱਖਣ ਵੱਲ ਜਾਣ ਵਾਲੀਆਂ ਲੈਨਜ਼ ‘ਚ ਦਾਖਲ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ ਸੈਮੀ ਟਰੱਕ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਪਿਕਅਪ ਟਰੱਕ ਪਲਟ ਗਿਆ। ਪਿਕਅਪ ਟਰੱਕ ਚਲਾ ਰਹੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੈਮੀ ਟਰੱਕ ਦਾ ਡਰਾਈਵਰ ਜ਼ਖਮੀ ਹੋ ਗਿਆ। ਆਰ.ਸੀ.ਐਮ. ਪੀ. ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।