ਮੋਹਾਲੀ: ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੇ ਚੇਅਰਮੈਨ, ਚਰਨਜੀਤ ਸਿੰਘ ਵਾਲੀਆ ਨੇ ਕਿਹਾ ਹੈ ਕਿ ਕੋਰੋਨਾ ਦੀ ਇਸ ਮਹਾਮਾਰੀ ਦੇ ਦੌਰ ਵਿਚ ਜਦੋਂ ਸਿਹਤ ਮਾਹਿਰ ਇਹ ਚਿਤਾਵਨੀ ਦੇ ਰਹੇ ਹਨ, ਕਿ ਸਰਦੀਆਂ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਕੋਰੋਨਾ ਮਹਾਮਾਰੀ ਦਾ ਖਤਰਾ ਵੱਧ ਕੇ ਸਾਹਮਣੇ ਆ ਸਕਦਾ ਹੈ ਤਾਂ ਪੰਜਾਬ ਸਰਕਾਰ ਪਟਾਕਿਆਂ ਉੱਤੇ ਬੈਨ ਲਗਾਵੇ। ਇਸ ਸਬੰਧੀ ਸੰਸਥਾ ਦੀ ਇਕ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਸਮੂਹ ਨਰਸਿੰਗ ਇੰਸਟੀਚਿਊਟ ਗ੍ਰੀਨ ਦਿਵਾਲੀ ਮਨਾਉਣਗੇ ਅਤੇ ਲੋੜਵੰਦਾਂ ਦੀ ਮਦਦ ਕਰਨਗੇ।
ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਪਹਿਲਾਂ ਹੀ ਪਟਾਕਿਆਂ ਉੱਤੇ ਬੈਨ ਲਗਾ ਦਿੱਤਾ ਹੈ ਅਤੇ ਹਰਿਆਣਾ ਸਰਕਾਰ ਨੇ ਪੰਚਕੂਲਾ ਸਮੇਤ ਪੂਰੇ ਰਾਜ ਵਿਚ ਪਟਾਕਿਆਂ ਉੱਤੇ ਬੈਨ ਲਗਾਇਆ ਹੈ। ਇਸੇ ਤਰ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਪਟਾਕਿਆਂ ਉੱਤੇ ਬੈਨ ਲਗਾਇਆ ਜਾ ਚੁੱਕਿਆ ਹੈ ਤਾਂ ਪੰਜਾਬ ਇਸ ਵਿਚ ਪਿੱਛੇ ਕਿਉਂ ਹੈ ਜਦੋਂ ਕਿ ਇਹ ਮਾਮਲਾ ਸਿੱਧੇ ਤੌਰ ‘ਤੇ ਲੋਕਾਂ ਦੀ ਸਿਹਤ ਅਤੇ ਜਿੰਦਗੀ ਦੇ ਨਾਲ ਜੁੜਿਆ ਹੋਇਆ ਹੈ।
ਪ੍ਰਧਾਨ ਵਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਉੱਤੇ ਕਾਬੂ ਪਾਉਣ ਲਈ ਸਭ ਤੋਂ ਪਹਿਲਾਂ ਕਦਮ ਚੁੱਕੇ ਸਨ ਜਿਸ ਨੂੰ ਪੂਰੇ ਦੇਸ਼ ਨੇ ਅਪਣਾਇਆ ਸੀ| ਇਸ ਲਈ ਪਟਾਕਿਆਂ ਉੱਤੇ ਬੈਨ ਲਗਾਉਣਾ ਵੀ ਸਮੇਂ ਦੀ ਮੰਗ ਹੈ ਜਿਸ ਸਬੰਧੀ ਮੁੱਖ ਮੰਤਰੀ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਡਿਪਟੀ ਕਮਿਸ਼ਨਰ ਪਟਾਕੇ ਲਗਾਉਣ ਵਾਲਿਆਂ ਨੂੰ ਲਾਇਸੈਂਸ ਦੇ ਰਹੇ ਹਨ ਅਤੇ ਮੋਹਾਲੀ ਵਿਚ ਵੀ ਪਟਾਕੇ ਵੇਚਣ ਵਾਸਤੇ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਤੌਰ ‘ਤੇ ਹੁਕਮ ਜਾਰੀ ਕਰਕੇ ਇਨ੍ਹਾਂ ਲਾਇਸੈਂਸਾਂ ਨੂੰ ਰੱਦ ਕਰਵਾਏ ਅਤੇ ਪਟਾਕਿਆਂ ਉੱਤੇ ਪੂਰੀ ਤਰ੍ਹਾਂ ਬੈਨ ਲਗਾਵੇ ਤਾਂ ਜੋ ਇਸ ਮਹਾਮਾਰੀ ਉੱਤੇ ਕਾਬੂ ਪਾਉਣ ਵਿਚ ਸਫਲਤਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਤੋਂ ਪ੍ਰੇਰਿਤ ਕਰਕੇ ਗ੍ਰੀਨ ਦਿਵਾਲੀ ਮਨਾਉਣ ਵੱਲ ਤੋਰਿਆ ਹੈ ਤਾਂ ਜੋ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ। ਉਨ੍ਹਾਂ ਸਮੂਹ ਵਿਦਿਅਕ ਅਦਾਰਿਆਂ, ਸਕੂਲਾਂ, ਕਾਲਜਾਂ ਦੇ ਮੁਖੀਆਂ ਨੂੰ ਵੀ ਇਹ ਅਪੀਲ ਕੀਤੀ ਕਿ ਦਿਵਾਲੀ ਨੂੰ ਸਹੀ ਢੰਗ ਨਾਲ ਅਤੇ ਸਹੀ ਅਰਥਾਂ ਵਿਚ ਮਨਾਇਆ ਜਾਵੇ ਨਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਟਾਕਿਆਂ ਉੱਤੇ ਕਰੋੜਾਂ ਰੁਪਏ ਉਜਾੜ ਕੇ ਪ੍ਰਦੂਸ਼ਣ ਵਧਾਉਣ ਦੀ ਥਾਂ ਇਸ ਨਾਲ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇ ਜਿਨ੍ਹਾਂ ਦੇ ਕਾਰੋਬਾਰ ਅਤੇ ਨੌਕਰੀਆਂ ਇਸ ਕੋਰੋਨਾ ਮਹਾਮਾਰੀ ਨੇ ਬਰਬਾਦ ਕਰ ਦਿੱਤੀਆਂ ਹਨ, ਤਾਂ ਇਸ ਤੋਂ ਵਧੀਆ ਉਪਰਾਲਾ ਹੋਰ ਨਹੀਂ ਹੋ ਸਕਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਐਮ.ਐਮ. ਆਨੰਦ, ਸੀਨੀਅਰ ਮੀਤ ਪ੍ਰਧਾਨ ਡਾ. ਮੰਜੀਤ ਸਿੰਘ ਢਿੱਲੋਂ, ਕਰਨਲ ਬੀ.ਐਸ. ਗਰਚਾ (ਸੀ. ਮੀਤ ਪ੍ਰਧਾਨ), ਸੁਖਜਿੰਦਰ ਸਿੰਘ ਰੰਧਾਵਾ (ਮੀਤ ਪ੍ਰਧਾਨ), ਜੋਗਿੰਦਰ ਸਿੰਘ ਜਨ. ਸਕੱਤਰ, ਸ਼ਿਵ ਆਰਿਆ ਜਨ. ਸਕੱਤਰ, ਡਾ. ਸੁਖਵਿੰਦਰ ਸਿੰਘ ਵਿੱਤ ਸਕੱਤਰ, ਡਾ. ਸਾਹਿਲ ਮਿੱਤਲ ਸਕੱਤਰ ਅਤੇ ਪੁਨੀਤ ਬਾਵਾ ਜਾਇੰਟ ਸਕੱਤਰ ਹਾਜਰ ਸਨ।