ਤੇਰਾ ਅੱਖਰ ਅੱਖਰ ਪਾਕ ਹੈ, ਤੇਰਾ ਪੀਰਾਂ ਦੇ ਨਾਲ ਸਾਕ ਹੈ।
ਗੁਰੂਆਂ ਦੀ ਤੈਨੂੰ ਬਖਸ਼ਿਸ਼ ਹੈ, ਤੂੰ ਬਾਣੀ ਦਾ ਸੰਚਾਰ ਹੈ।
ਤੂੰ ਕੌਤਕ ਦੀ ਕੋਈ ਕਿਸਮ ਹੈ, ਤੇਰੇ ਰੂਪ ‘ਚ ਕੋਈ ਤਲਿਸਮ ਹੈ।
ਤੂੰ ਹੈਂ ਪਰਵਾਜ਼ ਉਕਾਬ ਦੀ ਤੂੰ ਰੌਣਕ ਦੇਸ਼ ਪੰਜਾਬ ਦੀ।
ਸਦੀਆਂ ਤੋਂ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾਂ ਦਾ ਉਦਗਮ ਦੇਸ਼ ਪੰਜਾਬ ਤੋਂ ਹੋਇਆ। ਵਰਤਮਾਨ ਸਮੇਂ ਚੜ੍ਹਦੇ ਪੰਜਾਬ ਦੀ ਇਹ ਰਾਜ ਭਾਸ਼ਾ ਹੈ ਜਦੋਂ ਕਿ ਲਹਿੰਦੇ ਪੰਜਾਬ ਵਿੱਚ ਇਸ ਨੂੰ ਕੋਈ ਸਰਕਾਰੀ ਹੈਸੀਅਤ ਅਜੇ ਪ੍ਰਾਪਤ ਨਹੀਂ ਹੋਈ। ਪੰਜਾਬ ਤੋਂ ਇਲਾਵਾ ਪੰਜਾਬੀ ਬੋਲੀ ਨੂੰ ਬੋਲਣ ਵਾਲੇ ਪਾਕਿਸਤਾਨ, ਅਮਰੀਕਾ, ਕੈਨੇਡਾ, ਯੂ.ਕੇ., ਜਰਮਨੀ, ਇਟਲੀ, ਫਰਾਂਸ, ਨਿਊਜ਼ੀਲੈਂਡ, ਆਸਟ੍ਰੇਲੀਆ, ਸਿੰਘਾਪੁਰ, ਦੁਬਈ ਆਦਿ ਸੰਸਾਰ ਦੇ ਪ੍ਰਮੁੱਖ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਕੈਨੇਡਾ ਤੇ ਆਸਟ੍ਰੇਲੀਆ ਵਿੱਚ ਪੰਜਾਬੀ ਨੂੰ ਵਿਸ਼ੇਸ਼ ਦਰਜ਼ਾ ਪ੍ਰਾਪਤ ਹੈ।
ਸਭ ਤੋਂ ਜ਼ਿਆਦਾ ਪੰਜਾਬੀ ਭਾਰਤ ਤੇ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਸੰਸਾਰ ਪੰਜਾਬੀ ਨੂੰ ਦੋ ਲਿਪੀਆਂ ਵਿੱਚ ਲਿਖਿਆ ਜਾਂਦਾ ਹੈ , ਗੁਰਮੁਖੀ ਤੇ ਸ਼ਾਹਮੁਖੀ। ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਲਿੱਪੀ ਦਾ ਪ੍ਰਯੋਗ ਹੁੰਦਾ ਹੈ ਤੇ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਲਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਪੰਜਾਬੀ ਮਾਂ ਬੋਲੀ ਦਾ ਕੱਦ ਇਸ ਕਰਕੇ ਵੀ ਹੋਰ ਭਾਸ਼ਾਂਵਾਂ ਨਾਲੋ ਵੱਡਾ ਹੋ ਜਾਂਦਾ ਹੈ ਕਿਉਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੰਜਾਬੀ ਦੀ ਗੁਰਮੁਖੀ ਲਿਪੀ ਵਿੱਚ ਰਚਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮੁੱਖ ਬੋਲੀ ਪੰਜਾਬੀ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਦਰਜਾ ਪ੍ਰਾਪਤ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਦਾ ਸੰਸਾਰ ਦੀਆਂ ਭਾਸ਼ਾਂਵਾਂ ਵਿੱਚ ਆਪਣਾ ਨਿਵੇਕਲਾ ਸਥਾਨ ਹੈ। ਸ੍ਰੀ ਗੁਰੁ ਅੰਗਦ ਦੇਵ ਜੀ ਨੇ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਨੂੰ ਵਿਗਿਆਨਿਕ ਕ੍ਰਮ ਪ੍ਰਦਾਨ ਕੀਤਾ। ਗੁਰੂ ਅੰਗਦ ਦੇਵ ਜੀ ਨੇ ਜਿਥੇ ‘ੳ’ ‘ਅ’ ‘ੲ’ ਤੋਂ ਲੈ ਕੇ ‘ੜ’ ਤਕ ਅੱਖਰ ਕ੍ਰਮ ਪ੍ਰਦਾਨ ਕੀਤਾ ਉਥੇ ਗੁਰੂ ਨਾਨਕ ਸਾਹਿਬ ਨੇ ਹਰ ਅੱਖਰ ਦੀ ਮਹਾਨਤਾ ਨੂੰ ਉਜਾਗਰ ਕੀਤੀ:
ਰਾਗੁ ਆਸਾ ਮਹਲਾ ੧ ਪਟੀ ਲਿਖੀ ੴ ਸਤਿਗੁਰ ਪ੍ਰਸਾਦਿ ॥
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥…
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥
ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥
ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਹ੍ਹੀ ਸਚੁ ਕਮਾਇਆ ॥੩॥
ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥
ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥
ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ‘ਤੇ ਆਓ ਆਪਣੀ ਪੰਜਾਬੀ ਮਾਂ ਬੋਲੀ ਦੀ ਵੀ ਜ਼ਰਾ ਪਿਆਰ ਕਰੀਏ। ਸ਼ਹਿਦ ਤੋਂ ਵੀ ਮਿੱਠੀ ਜ਼ੁਬਾਨ ਆਪਣੀ ਪੰਜਾਬੀ ਦੀ ਸਤਿਕਾਰ ਕਰੀਏ। ਪੰਜਾਬੀ ਨੂੰ ਜਿਵੇਂ ਵਿਦੇਸ਼ੀਆਂ ਨੇ ਸਤਿਕਾਰਿਆ ਹੈ ਤੇ ਪਿਆਰ ਕੀਤਾ ਹੈ ਉਥੇ ਅਸੀਂ ਵੀਂ ਆਪਣੇ ਕੰਠ ਵਿੱਚ ਇਸ ਨੂੰ ਵਸਾਈਏ। ਪੰਜਾਬੀ ਬੋਲੀ ਨੂੰ ਜਿਥੇ ਆਪ ਮਾਣ ਨਾਲ ਬੋਲੀਏ ਉਥੇ ਆਪਣੀ ਨਵੀਂ ਪੀੜੀ ਨੂੰ ਵੀ ਇਸ ਨਾਲ ਜੋੜੀਏ।