ਪੰਜਾਬ ਸਰਕਾਰ ‘ਘਰ ਘਰ ਰੋਜ਼ਗਾਰ ਯੋਜਨਾ’ ਤਹਿਤ ਆਨਲਾਈਨ ਕੌਂਸਲਿੰਗ ਤੇ ਨੌਕਰੀਆਂ ਪ੍ਰਦਾਨ ਕਰੇਗੀ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਸਰਕਾਰ, ਕੋਵਿਡ -19 ਮਹਾਂਮਾਰੀ ਦੇ ਬਾਵਜੂਦ ਆਪਣੀ ਪ੍ਰਮੁੱਖ ਯੋਜਨਾ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਰਾਜ ਦੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਤੇਜ਼ੀ ਲਿਆਉਣ ਅਤੇ ਬਦਲਵੇਂ ਪ੍ਰਬੰਧ ਕਰਨ ਲਈ ਤਿਆਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਬਦਲਵੇਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਰਾਜ ਦੇ ਨੌਜਵਾਨਾਂ ਨੂੰ ਵਿਸ਼ਵ ਭਰ ਦੇ ਨਿੱਜੀ ਖੇਤਰ ਵਿੱਚ ਕੌਂਸਲਿੰਗ ਅਤੇ ਨੌਕਰੀਆਂ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਨੇ ਸੂਬੇ ਵਿੱਚ ਨੌਕਰੀਆਂ ਦੇ ਚਾਹਵਾਨ ਨੌਜਵਾਨਾਂ ਨੂੰ ਆਨਲਾਈਨ ਕੌਂਸਲਿੰਗ ਅਤੇ ਆਨਲਾਈਨ ਪਲੇਸਮੈਂਟ ਸਬੰਧੀ ਮੌਕੇ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਹੈ।

ਉਨਾਂ ਅੱਗੇ ਦੱਸਿਆ ਕਿ ਦੁਨੀਆਂ ਭਰ ਵਿੱਚ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਚਲਦਿਆਂ ਪੰਜਾਬ ਵਿੱਚ ਵੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਬਦਲਵੇਂ ਪ੍ਰਬੰਧ ਕਰਨੇ ਹੋਣਗੇ । ਜਿਸਦੇ ਚਲਦਿਆਂ ਰੋਜ਼ਗਾਰ ੳੱੁਤਪਤੀ ਅਤੇ ਸਿਖਲਾਈ ਵਿਭਾਗ ਵਲੋਂ ਵੱਖ ਵੱਖ ਖੇਤਰਾਂ ਵਿਚ ਉੱਭਰ ਰਹੇ ਰੋਜ਼ਗਾਰ ਮੌਕਿਆਂ ਸਬੰਧੀ ਜਾਗਰੂਕ ਕਰਨ ਲਈ ਵਿਭਾਗ ਵਲੋਂ 24 ਜੁਲਾਈ ਨੂੰ ‘ਕੋਵਿਡ-19 ਤੋਂ ਬਾਅਦ ਨੌਕਰੀਆਂ ਵਿਚ ਚੁਣੌਤੀਆਂ ਤੇ ਸੰਭਾਵਨਾਵਾਂ ’ ਵਿਸ਼ੇ ’ਤੇ ਵੈਬਿਨਾਰ ਆਯੋਜਿਤ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਉਦਯੋਗ ਅਤੇ ਹੋਰ ਸੰਸਥਾਵਾਂ ਦੀਆਂ ਜਰੂਰਤਾਂ ਅਨੁਸਾਰ ਰੋਜ਼ਗਾਰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਇਸ ਵੈਬਿਨਾਰ ਵਿਚ ਇੰਜੀਨੀਅਰਿੰਗ, ਮੈਨੇਜਮੈਂਟ, ਮੈਡੀਸਨ, ਫਾਰਮੇਸੀ, ਹਿਊਮੈਨਟੀਜ਼, ਜਨਰਲ ਗ੍ਰੈਜੂਏਟ ਜਿਵੇਂ ਬੀਸੀਏ, ਬੀਬੀਏ, ਬੀ.ਕਾਮ ਆਦਿ ਨਾਲ ਸਬੰਧਤ 25000 ਨੌਜਾਵਾਨਾਂ ਦੇ ਸ਼ਾਮਲ ਹੋਣ ਦੀ ਆਸ ਹੈ।

ਬੁਲਾਰੇ ਨੇ ਦੱਸਿਆ ਕਿ ਵੈਬਿਨਾਰ ਨੂੰ ਮਾਈਕ੍ਰੋਸਾਫਟ, ਅੰਸਿਸ, ਵਾਲਮਾਰਟ, ਪੈਪਸੀਕੋ, ਡੈਲ, ਐਮਾਜ਼ੌਨ ਅਤੇ ਬੀ ਐਂਡ ਬੀ ਐਂਡ ਡਬਲਯੂ.ਐਸ.ਐਸ.ਸੀ ਵਰਗੀਆਂ ਨਾਮਵਰ ਕੰਪਨੀਆਂ ਦੇ ਉੱਘੇ ਪੈਨਲਿਸਟਾਂ ਵਲੋਂ ਸੰਬੋਧਿਤ ਕੀਤਾ ਜਾਵੇਗਾ। ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ, ਸੈਕਟਰੀ ਸ੍ਰੀ ਰਾਹੁਲ ਤਿਵਾੜੀ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਵੈਬਿਨਾਰ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕਰਨਗੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਵੈਬਿਨਾਰ , 24 ਜੁਲਾਈ, 2020 ਨੂੰ ਦੁਪਹਿਰ 3:00 ਵਜੇ 2 ਸ਼ੈਸ਼ਨਾਂ ਵਿੱਚ ਕਰਵਾਇਆ ਜਾਵੇਗਾ। ਦੁਪਹਿਰ 3:00 ਵਜੇ 45 ਮਿੰਟ ਦਾ ਪਹਿਲਾ ਸ਼ੈਸ਼ਨ ਸ਼ੁਰੂ ਹੋਵੇਗਾ ਅਤੇ 1 ਘੰਟਾ 15 ਮਿੰਟ ਦਾ ਦੂਜਾ ਸ਼ੈਸ਼ਨ ਸ਼ਾਮ 3: 45 ’ਤੇ ਸ਼ੁਰੂ ਹੋਵੇਗਾ।

ਉਨਾਂ ਕਿਹਾ ਕਿ ਵੈਬਿਨਾਰ ਵਿੱਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਲਿੰਕ ਪੋਰਟਲ ‘ਤੇ ਉਪਲਬਧ ਹੈ, ਚਾਹਵਾਨ ਨੌਜਵਾਨ ਵਿਭਾਗ ਦੇ ਵੈੱਬ ਪੋਰਟਲ http://pgrkam.com/. ‘ਤੇ ਜਾ ਕੇ ਆਪਣਾ ਨਾਂ ਦਰਜ ਕਰਵਾ ਸਕਦੇ ਹਨ।

Share This Article
Leave a Comment