-ਅਵਤਾਰ ਸਿੰਘ
ਰਾਤੀਂ 12 ਵਜੇ 2020 ਨੂੰ ਅਲਵਿਦਾ ਆਖ ਦਿੱਤਾ ਗਿਆ ਹੈ। ਨਵੇਂ ਵਰ੍ਹੇ 2021 ਦੀ ਪਹਿਲੀ ਸਵੇਰ ਦੀ ਟਿੱਕੀ ਉੱਗ ਪਈ ਹੈ। ਪੰਛੀਆਂ ਦੀ ਚਹਿ ਚਹਾਟ ਮੁੜ ਉਸੇ ਤਰ੍ਹਾਂ ਹੋਣੀ ਸ਼ੁਰੂ ਹੋ ਗਈ ਹੈ। ਕੁਝ ਲੋਕ ਆਪਣੇ ਆਪਣੇ ਚਹੇਤਿਆਂ ਨੂੰ ਇਸ ਸਾਲ ਦੀਆਂ ਵਧਾਈਆਂ ਤੇ ਮੁਬਾਰਕਾਂ ਦੇ ਰਹੇ ਹਨ। ਉਹ ਸ਼ੁਭਕਾਮਨਾਵਾਂ ਤਾਂ ਦੇ ਅਤੇ ਲੈ ਤਾਂ ਰਹੇ ਹਨ ਪਰ ਓਪਰੇ ਮਨ ਨਾਲ, ਹਰ ਇਕ ਡਰ ਰਿਹਾ ਕਿ ਕੋਈ ਘਰ ਵਧਾਈ ਦੇਣ ਨਾ ਆ ਜਾਵੇ (ਕਰੋਨਾ ਕਾਰਨ)। ਪਿਛਲੇ ਸਾਲਾਂ ਵਾਂਗ ਅੱਜ ਲੋਕ ਗਲੇ ਨਹੀਂ ਮਿਲਣਗੇ। ਸਿਰਫ ਦੂਰ ਤੋਂ ਹੀ ਦੇਣਗੇ/ਕਬੂਲਣਗੇ ਸ਼ੁਭਕਾਮਨਾਵਾਂ। ਇਹ ਗੱਲ ਤਾਂ ਹੋਈ ਆਮ ਸ਼ਹਿਰੀਆਂ ਦੀ।
ਮੇਰਾ ਦਿਲ ਕਿਸੇ ਨੂੰ ਵੀ ਵਧਾਈ ਦੇਣ ਨੂੰ ਨਹੀਂ ਕਰ ਰਿਹਾ। ਮੈਂ ਦੁਖੀ ਹਾਂ, ਬੇਚੈਨ ਹਾਂ, ਨਾਰਾਜ ਹਾਂ। ਮੈਂ ਵਧਾਈ ਕਿਓਂ ਦੇਵਾਂ, ਮੇਰਾ ਅੰਨਦਾਤਾ ਸੜਕਾਂ ਉਪਰ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਉਹ 2 ਡਿਗਰੀ ਸੈਲਸੀਅਸ ਦੀ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ਉਪਰ ਨੀਲੇ ਆਸਮਾਨ ਦੀ ਛੱਤ ਹੇਠ ਉਸ ਕੁਦਰਤ ਦੀ ਓਟ ‘ਤੇ ਬੈਠਾ ਹੋਇਆ ਹੈ। ਪਰ ਮੌਜੂਦਾ ਹਾਕਮ ਕੀਮਤੀ ਜੈਕਟਾਂ ਅਤੇ ਮਹਿੰਗੀਆਂ ਪੁਸ਼ਾਕਾਂ ਪਹਿਨ ਕੇ ਗਰਮ ਕਮਰਿਆਂ ਵਿਚ ਬੈਠ ਕੇ ਸਰਮਾਏਦਾਰੀ ਤਨ ਨਾਲ ‘ਮਨ ਕੀ ਬਾਤ’ ਕਹਿ ਰਹੇ ਹਨ। ਕਿਸਾਨ ਦੀ ਦੇਹੀ ਕੋਹਰੇ ਨਾਲ ਆਪਣੇ ਹੱਕਾਂ ਲਈ ਯਖ਼ ਹੋ ਰਹੀ, ਸਮੇਂ ਦੇ ਸੁਲਤਾਨ ਦਾ ਮਨ ਤੇ ਤਨ ਕਾਰਪੋਰੇਟੀ ਸਮਝੌਤੇ ਨੇ ਠੰਢਾ ਕੀਤਾ ਹੋਇਆ ਹੈ। ਅੱਜ ਹਰ ਰੋਟੀ ਖਾਣ ਵਾਲੇ ਹਿੰਦੁਸਤਾਨ ਵਿੱਚ ਰਹਿੰਦੇ ਅਤੇ ਕਿਸਾਨ ਹਿਤੈਸ਼ੀ ਸਖਸ਼ ਨੂੰ ਅੰਨਦਾਤਾ ਦੇ ਸੰਘਰਸ਼ ਦੀ ਜਿੱਤ ਲਈ ਅਰਦਾਸ ਕਰਨੀ ਚਾਹੀਦੀ ਹੈ। ਨਵਾਂ ਸਾਲ ਉਦੋਂ ਮੁਬਾਰਕ ਹੋਵੇਗਾ ਜਦੋਂ ਮੋਰਚੇ ਵਿਚ ਸ਼ਾਮਿਲ ਧਰਤੀ ਪੁੱਤਰ ਜਿੱਤ ਕੇ ਆਪਣੇ ਟੱਬਰਾਂ ਕੋਲ ਪਹੁੰਚਣਗੇ।