-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;
‘‘ਜੋ ਹਰ ਕਿਰਦਾਰ ਵਿੱਚ ਸਮਾਅ ਜਾਵੇ ਤੇ ਹਰੇਕ ਭੂਮਿਕਾ ਨੂੰ ਯਾਦਗਾਰੀ ਬਣਾ ਦੇਵੇ, ਉਹ ਸ਼ਾਹਕਾਰ ਅਦਾਕਾਰ ਹੁੰਦਾ ਹੈ ਤੇ ਸੰਜੀਵ ਕੁਮਾਰ ਵਿੱਚ ਉਕਤ ਦੋਵੇਂ ਗੁਣ ਸਨ।’’ ਉਘੇ ਅਦਾਕਾਰ ਸੰਜੀਵ ਕੁਮਾਰ ਦੇ ਦੇਹਾਂਤ ਮੌਕੇ ਇਹ ਲਫ਼ਜ਼ ਨਾਮਵਰ ਲੇਖਕ ਤੇ ਨਿਰਦੇਸ਼ਕ ਗੁਲਜ਼ਾਰ ਨੇ ਕਹੇ ਸਨ। ਗੁਲਜ਼ਾਰ ਸਾਹਿਬ ਦਾ ਇਹ ਵਿਸ਼ਲੇਸ਼ਣ ਅੱਖਰ ਅੱਖਰ ਸੱਚ ਸੀ ਕਿਉਂਕਿ ਸੰਜੀਵ ਕੁਮਾਰ ਨੇ ਐਕਸ਼ਨ, ਕਾਮੇਡੀ, ਸਸਪੈਂਸ, ਰੁਮਾਂਟਿਕ ਅਤੇ ਸੰਜੀਦਾ ਭਾਵ ਹਰ ਪ੍ਰਕਾਰ ਦੇ ਕਿਰਦਾਰ ਬਾਖ਼ੂਬੀ ਨਿਭਾਏ ਸਨ ਤੇ ਦਰਸ਼ਕਾਂ ਅਤੇ ਆਲੋਚਕਾਂ ਤੋਂ ਭਰਪੂਰ ਪ੍ਰਸ਼ੰਸ਼ਾ ਖੱਟੀ ਸੀ। ਉਸਨੇ ਜ਼ਿੰਦਗੀ ਵਿੱਚ ਪੈਸਾ ਤੇ ਸ਼ੁਹਰਤ ਤਾਂ ਬਹੁਤ ਹਾਸਿਲ ਕੀਤੀ ਸੀ ਪਰ ਉਸਦੀ ਜ਼ਿੰਦਗੀ ਵਿੱਚ ਇੱਕ ਹਮਸਫ਼ਰ ਦੀ ਕਮੀ ਰਹੀ ਸੀ ਜੋ ਕਿ ਉਸਦੀ ਮੌਤ ਦੇ ਦਿਨ ਤੱਕ ਵੀ ਪੂਰੀ ਨਹੀਂ ਹੋ ਸਕੀ ਸੀ। ਉਸਨੇ ਸੰਨ 1973 ਵਿੱਚ ਅਦਾਕਾਰਾ ਹੇਮਾ ਮਾਲਿਨੀ ਨੂੰ ਵਿਆਹ ਦਾ ਪ੍ਰਸਤਾਵ ਪੇਸ਼ ਕੀਤਾ ਸੀ ਜੋ ਕਿ ਹੇਮਾ ਨੇ ਠੁਕਰਾ ਦਿੱਤਾ ਸੀ ਕਿਉਂਕਿ ਉਹ ਧਰਮਿੰਦਰ ਵੱਲ ਆਕਰਸ਼ਿਤ ਹੋ ਚੁੱਕੀ ਸੀ। ਅਦਾਕਾਰਾ ਸੁਲੱਕਸ਼ਨਾ ਪੰਡਿਤ ਨੇ ਖ਼ੁਦ ਵਿਆਹ ਦਾ ਪ੍ਰਸਤਾਵ ਸੰਜੀਵ ਅੱਗੇ ਰੱਖਿਆ ਸੀ ਪਰ ਜਦੋਂ ਸੰਜੀਵ ਨੇ ਹੁੰਗਾਰਾ ਨਾ ਭਰਿਆ ਤਾਂ ਸੁਲੱਕਸ਼ਣਾ ਨੇ ਆਜੀਵਨ ਕੁਆਰੀ ਰਹਿਣ ਦਾ ਫ਼ੈਸਲਾ ਲੈ ਲਿਆ ਤੇ ਇਹ ਫ਼ੈਸਲਾ ਇਨ੍ਹਾ ਦੋਵਾਂ ਨੇ ਤੋੜ ਤੱਕ ਨਿਭਾਇਆ ਵੀ ਤੇ ਆਜੀਵਨ ਕੁਆਰੇ ਹੀ ਰਹੇ।
ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਅੱਜ ਸੰਜੀਵ ਕੁਮਾਰ ਦੇ ਨਾਂ ‘ਤੇ ਸੜਕ, ਸਕੂਲ ਅਤੇ ਆਡੀਟੋਰੀਅਮ ਮੌਜੂਦ ਹਨ ਕਿਉਂਕਿ ਇੱਥੇ 9 ਜੁਲਾਈ , 1938 ਨੂੰ ਇੱਕ ਗੁਜਰਾਤੀ ਪਰਿਵਾਰ ਵਿੱਚ ਸੰਜੀਵ ਨੇ ਜਨਮ ਲਿਆ ਸੀ ਤੇ ਉਸਦਾ ਨਾਂ ਉਸਦੇ ਮਾਪਿਆਂ ਨੇ ਹਰੀਹਰ ਜੇਠਾ ਲਾਲ ਜ਼ਰੀਵਾਲਾ ਰੱਖਿਆ ਸੀ। ਸੰਜੀਵ ਨੂੰ ਅਦਾਕਾਰੀ ਦਾ ਸ਼ੌਕ ਸਕੂਲੀ ਪੜ੍ਹਾਈ ਸਮੇਂ ਹੀ ਲੱਗ ਗਿਆ ਸੀ ਤੇ ਵੀਹ ਸਾਲ ਦੀ ਉਮਰ ਵਿੱਚ ਉਹ ਫ਼ਿਲਮ ਨਗਰੀ ਬੰਬਈ ਆਣ ਪੁੱਜਿਆ ਸੀ। ਇੱਥੇ ਆ ਕੇ ਉਹ ਰੰਗਕਰਮੀਆਂ ਦੀ ਸੰਸਥਾ ‘ਇਪਟਾ’ ਦਾ ਮੈਂਬਰ ਬਣ ਗਿਆ ਤੇ ਵੱਖ ਵੱਖ ਨਾਟਕਾਂ ਵਿੱਚ ਛੋਟੀਆਂ ਛੋਟੀਆਂ ਭੂਮਿਕਾਵਾਂ ਅਦਾ ਕਰਨ ਲੱਗ ਪਿਆ। ਉਸਨੇ 22 ਸਾਲ ਦੀ ਉਮਰ ਵਿੱਚ ਅਮਰੀਕੀ ਨਾਟਕ ‘ ਆਲ ਮਾਈ ਸੰਨਜ਼’ ਦੇ ਹਿੰਦੀ ਰੁੂਪਾਂਤਰ ਵਿੱਚ ਬਜ਼ੁਰਗ ਦਾ ਕਿਰਦਾਰ ਬਾਖ਼ੂਬੀ ਅਦਾ ਕੀਤਾ ਸੀ ਤੇ ਅਦਾਕਾਰ-ਨਿਰਦੇਸ਼ਕ ਏ.ਕੇ.ਹੰਗਲ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ ‘ ਡਮਰੂ’ ਵਿੱਚ ਉਸਨੂੰ ਉਮਰਦਰਾਜ਼ ਪਾਤਰ ਅਦਾ ਕਰਨਾ ਪਿਆ ਸੀ ਤੇ ਉਸਦੀ ਅਦਾਕਾਰੀ ਵਿੱਚ ਇੰਨ੍ਹੀ ਕਸ਼ਿਸ਼ ਸੀ ਕਿ ਬੜੀ ਦੇਰ ਤੱਕ ਹਾਲ ਵਿੱਚ ਤਾੜੀਆਂ ਦੀ ਆਵਾਜ਼ ਗੂੰਜਦੀ ਰਹੀ ਸੀ।
ਸਜੀਵ ਅਦਾਕਾਰੀ ਕਰਨ ਵਿੱਚ ਮਾਹਿਰ ਸੰਜੀਵ ਕੁਮਾਰ ਦੀ ਤ੍ਰਾਸਦੀ ਇਹ ਰਹੀ ਕਿ ਆਕਰਸ਼ਕ ਸ਼ਖ਼ਸੀਅਤ ਅਤੇ ਜਵਾਨ ਹੋਣ ਦੇ ਬਾਵਜੂਦ ਉਸਨੂੰ ਵਧੇਰੇ ਭੂਮਿਕਾਵਾਂ ਅਧਖੜ ਜਾਂ ਬਜ਼ੁਰਗ ਪਾਤਰ ਅਦਾ ਕਰਨ ਵਾਲੀਆਂ ਹੀ ਮਿਲੀਆਂ ਜਿਨ੍ਹਾ ਵਿੱਚ ‘ਆਂਧੀ,ਸ਼ੋਅਲੇ,ਤ੍ਰਿਸ਼ੂਲ,ਅਰਜੁਨ ਪੰਡਿਤ,ਖਿਲੌਨਾ,ਕੋਸ਼ਿਸ਼,ਦੇਵਤਾ,ਯਹੀ ਹੈ ਜ਼ਿੰਦਗੀ,ਅੰਗਾਰੇ,ਪਾਰਸ, ਨਇਆ ਦਿਨ ਨਈ ਰਾਤ, ਰਾਮੇ ਤੇਰੇ ਕਿਤਨੇ ਨਾਮ, ਤ੍ਰਿਸ਼ਨਾ, ਕਾਤਿਲ, ਅੰਗੂਰ, ਪਤੀ ਪਤਨੀ ਔਰ ਵੋਹ, ਹੀਰੋ, ਵਿਧਾਤਾ’ ਆਦਿ ਦੇ ਨਾਂ ਪ੍ਰਮੁੱਖ ਸਨ। ਬਤੌਰ ਖ਼ੂਬਸੂਰਤ ਹੀਰੋ ਉਸਨੇ ‘ਸੀਤਾ ਔਰ ਗੀਤਾ, ਆਪ ਕੀ ਕਸਮ ਅਤੇ ਮਨਚਲੀ ’ ਜਿਹੀਆਂ ਸਫ਼ਲ ਫ਼ਿਲਮਾਂ ਵੀ ਕੀਤੀਆਂ ਸਨ। ‘ਸਵਾਲ, ਯਾਦਗਾਰ, ਚੇਹਰੇ ਪੇ ਚੇਹਰਾ, ਚਰਿੱਤਰਹੀਨ’ ਆਦਿ ਜਿਹੀਆਂ ਫ਼ਿਲਮਾਂ ਫਲਾਪ ਰਹਿਣ ਦੇ ਬਾਵਜੂਦ ਸਭ ਨੇ ਉਸਦੀ ਅਦਾਕਾਰੀ ਦੀ ਭਰਪੂਰ ਤਾਰੀਫ਼ ਕੀਤੀ ਸੀ।
ਬਾਕਮਾਲ ਤੇ ਦਿਲਕਸ਼ ਅਦਾਕਾਰੀ ਕਰਨ ‘ਚ ਮਾਹਿਰ ਸੰਜੀਵ ਕੁਮਾਰ ਨੇ ੳੁੱਘੇ ਫ਼ਿਲਮਕਾਰ ਸੱਤਿਆਰਜੀਤ ਰੇਅ ਦੀ ਵਿਸ਼ਵ ਪ੍ਰਸਿੱਧ ਫ਼ਿਲਮ ‘ ਸ਼ਤਰੰਜ ਕੇ ਖਿਲਾੜੀ’ ਵਿੱਚ ਮਿਰਜ਼ਾ ਸੱਜਾਦ ਅਲੀ ਦੀ ਯਾਦਗਾਰੀ ਭੂਮਿਕਾ ਅਦਾ ਕਰਨ ਤੋਂ ਇਲਾਵਾ ਫ਼ਿਲਮ ‘ਨਇਆ ਦਿਨ ਨਈ ਰਾਤ’ ਜੋ ਕਿ ਤਾਮਿਲ ਫ਼ਿਲਮਸਟਾਰ ਸ਼ਿਵਾ ਜੀ ਗਣੇਸ਼ਨ ਦੀ ਸੁਪਰਹਿੱਟ ਫ਼ਿਲਮ ‘ ਨਵਰਾਥਰੀ’ ਦਾ ਰੀਮੇਕ ਸੀ,ਵਿੱਚ ਨੌ ਵੱਖ ਵੱਖ ਕਿਰਦਾਰ ਬਾਖ਼ੂਬੀ ਅਦਾ ਕੀਤੇ ਸਨ। ਫ਼ਿਲਮਕਾਰ ਗੁਲਜ਼ਾਰ ਦੀ ਉਹ ਪਹਿਲੀ ਪਸੰਦ ਸੀ ਤੇ ਉਸਨੇ ਗੁਲਜ਼ਾਰ ਦੀਆਂ‘ਪਰਿਚੈ,ਮੌਸਮ,ਆਂਧੀ,ਕੋਸ਼ਿਸ਼,ਅੰਗੂਰ,ਨਮਕੀਨ’ ਆਦਿ ਫ਼ਿਲਮਾਂ ਵਿੱਚ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ। ਉਸਦੀਆਂ ‘ ਕਾਤਿਲ,ਸ਼ਿਕਾਰ,ਉਲਝਨ ਅਤੇ ਤ੍ਰਿਸ਼ਨਾ ’ ਆਦਿ ਫ਼ਿਲਮਾਂ ਰਹੱਸ ਤੇ ਰੁਮਾਂਚ ਨਾਲ ਭਰਪੂਰ ਸਨ। ਭਾਰਤ ਅਤੇ ਈਰਾਨ ਦੀ ਸਾਂਝੀ ਪੇਸ਼ਕਸ਼ ਫ਼ਿਲਮ ‘ ਸੁਬ੍ਹਾ ਔਰ ਸ਼ਾਮ’ ਵਿੱਚ ਉਸਦੀ ਅਦਾਕਾਰੀ ਕਾਬਿਲੇ ਤਾਰੀਫ਼ ਰਹੀ ਸੀ। ਉਸਨੂੰ ‘ ਦਸਤਕ’ ਅਤੇ ‘ਕੋਸ਼ਿਸ਼’ ਨਾਮਕ ਫ਼ਿਲਮਾਂ ਲਈ ਸਰਬੋਤਮ ਅਦਾਕਾਰ ਦਾ ਕੌਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ ਤੇ ਲਗਪਗ ਇੱਕ ਦਰਜਨ ਵਾਰ ਉਸਦਾ ਨਾਂ ਫ਼ਿਲਮਫ਼ੇਅਰ ਪੁਰਸਕਾਰ ਲਈ ਨਾਮਾਂਕਿਤ ਕੀਤਾ ਗਿਆ ਸੀ ਤੇ ਇਨ੍ਹਾ ਵਿੱਚੋਂ ਦੋ ਵਾਰ ‘ ਆਂਧੀ’ ਅਤੇ ‘ ਅਰਜੁਨ ਪੰਡਿਤ’ ਲਈ ‘ ਸਰਬੋਤਮ ਅਦਾਕਾਰ ਦਾ ਪੁਰਸਕਾਰ ’ ਅਤੇ ਫ਼ਿਲਮ ‘ ਸ਼ਿਕਾਰ’ ਲਈ ਸਰਬੋਤਮ ਸਹਿਨਾਇਕ ਦਾ ਪੁਰਸਕਾਰ’ ਹਾਸਿਲ ਕਰਨ ਵਿੱਚ ਉਹ ਕਾਮਯਾਬ ਰਿਹਾ ਸੀ। ਸੰਨ 2013 ਵਿੱਚ ਭਾਰਤ ਸਰਕਾਰ ਦੇ ਡਾਕ ਵਿਭਾਗ ਨੇ ਉਸਦੀ ਯਾਦ ਨੂੰ ਸਮਰਪਿਤ ਕਰਕੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤਾ ਸੀ। 6 ਨਵੰਬਰ, ਸੰਨ 1985 ਨੂੰ ਦਿਲ ਦਾ ਦੌਰਾ ਪੈਣ ਕਰਕੇ ਇਸ ਮਹਾਨ ਅਦਾਕਾਰ ਦਾ ਦੇਹਾਂਤ ਹੋ ਗਿਆ ਸੀ ਤੇ ਉਸਦੀ ਆਖ਼ਰੀ ਫ਼ਿਲਮ ‘ਪ੍ਰੋਫ਼ੈਸਰ ਕੀ ਪੜੋਸਨ’ ਸੀ।
ਮੋਬਾਇਲ: 97816-46008