ਲੁਧਿਆਣਾ : ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਇੱਕ ਵਾਰ ਮੁੜ ਤੋਂ ਵੱਧਦਾ ਦਿਖਾਈ ਦੇ ਰਿਹਾ ਹੈ। ਕੋਰੋਨਾ ਵਾਇਰਸ ਦੇ ਐਕਟਿਵ ਕੇਸ ਵੀ ਵੱਧ ਰਹੇ ਹਨ ਅਤੇ ਨਾਲ ਹੀ ਮੌਤ ਦਰ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਅੱਜ ਇੱਕ ਮਾੜੀ ਖ਼ਬਰ ਸਾਹਮਣੇ ਆਈ। ਲੁਧਿਆਣਾ ਦੇ ਸਮਰਾਲਾ ‘ਚ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।
ਮ੍ਰਿਤਕ ਰਾਜਿੰਦਰ ਕੌਰ ਸਮਰਾਲਾ ਦੇ ਸਿਹਾਲਾ ਵਿਖੇ ਸੀਨੀਅਰ ਸੈਕੰਡਰੀ ਸਕੂਲ ਪੜ੍ਹਾਉਂਦੇ ਸਨ। ਪਿਛਲੇ ਹਫ਼ਤੇ ਉਹਨਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਸੀ। ਜਿਸ ਤੋਂ ਬਾਅਦ ਉਹਨਾਂ ਦਾ ਇਲਾਜ਼ ਲੁਧਿਆਣਾ ਡੀਐਮਸੀ ਵਿੱਚ ਚੱਲ ਰਿਹਾ ਸੀ, ਪਰ ਅੱਜ ਸਵੇਰੇ 6 ਵਜੇ ਉਹਨਾਂ ਨੇ ਹਸਪਤਾਲ ਵਿੱਚ ਆਖਰੀ ਸਾਹ ਲਏ। ਮ੍ਰਿਤਕ ਰਾਜਿੰਦਰ ਕੌਰ ਦੇ ਪਤੀ ਸੁਖਦੇਵ ਸਿੰਘ ਮੁਸ਼ਕਾਬਾਦ ਦੇ ਸਰਕਾਰੀ ਸਕੂਲ ਵਿੱਚ ਮੁੱਖ ਅਧਿਆਪਕ ਵਜੋਂ ਤਾਇਨਾਤ ਹਨ।
ਉੱਥੇ ਹੀ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਖ਼ਤੀਆਂ ਵੀ ਵਰਤੀਆਂ ਜਾ ਰਹੀਆਂ ਹਨ। ਸੂਬੇ ਵਿੱਚ 31 ਮਾਰਚ ਤਕ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਪੰਜਾਬ ਵਿੱਚ ਕੋਵਿਡ-19 ਦੀ ਟੈਸਟਿੰਗ ਨੂੰ ਵੀ ਵਧਾ ਦਿੱਤਾ ਗਿਆ ਹੈ। 11 ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਇਹਨਾਂ ਜਿਲ੍ਹਿਆਂ ਵਿੱਚ ਵਿਆਹ, ਭੋਗ ਜਾਂ ਹੋਰ ਸਮਾਗਮਾਂ ਵਿੱਚ 20 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਹੈ। ਬਾਵਜੂਦ ਇਸ ਦੇ ਸੂਬੇ ਵਿੱਚ ਕੋਰੋਨਾ ਦਾ ਪ੍ਰਸਾਰ ਲਗਾਤਾਰ ਵੱਧ ਰਿਹਾ ਹੈ। ਬੀਤੇ ਦਿਨੀਂ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 2274 ਨਵੇਂ ਕੇਸ ਦਰਜ ਕੀਤੇ ਗਏ ਅਤੇ 43 ਲੋਕਾਂ ਦੀ ਇੱਕ ਦਿਨ ਵਿੱਚ ਮੌਤ ਹੋਈ ਹੈ।