ਜਲੰਧਰ: ਇੱਥੇ ਮਨੀ ਚੇਂਜਰ ਲੁੱਟ ਮਾਮਲੇ ‘ਚ ਇੱਕ ਨਵਾਂ ਖੁਲਾਸਾ ਹੋਇਆ ਹੈ। ਮੁਲਜ਼ਮ ਸਰਬਜੀਤ ਕੌਰ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਦੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਸਰਬਜੀਤ ਕੌਰ ਦਾ ਲੜਕਾ ਆਇਲੈਟਸ ਵੀ ਕਰ ਰਿਹਾ ਹੈ। ਸਰਬਜੀਤ ਕੌਰ ਆਪਣੇ ਲੜਕੇ ਨੂੰ ਵਿਦੇਸ਼ ਭੇਜਣਾ ਚਾਹੁੰਦੀ ਸੀ ਅਤੇ ਪੈਸਿਆਂ ਦਾ ਇੰਤਜ਼ਾਮ ਨਾ ਹੁੰਦਾ ਦੇਖ ਉਸ ਨੇ ਮਨੀਚੇਂਜਰ ਦੀ ਦੁਕਾਨ ‘ਤੇ ਡਾਕਾ ਮਾਰਨ ਦਾ ਪਲੈਨ ਬਣਾਇਆ।
ਜਲੰਧਰ ਦੇ ਬੱਸ ਸਟੈਂਡ ਨੇੜੇ ਸਥਿਤ ਅਰੋੜਾ ਮਨੀਚੇਂਜਰ ਦੁਕਾਨ ਦੀ ਸਰਬਜੀਤ ਕੌਰ ਰੇਕੀ ਕਰ ਰਹੀ ਸੀ ਤੇ ਉਸ ਨੂੰ ਪਤਾ ਲੱਗਿਆ ਸੀ ਕਿ ਰਾਕੇਸ਼ ਕੁਮਾਰ ਕੋਲ ਦੁਕਾਨ ‘ਤੇ ਲੱਖਾਂ ਰੁਪਏ ਕੈਸ਼ ਵਿੱਚ ਮੌਜੂਦ ਰਹਿੰਦੇ ਹਨ। ਸਰਬਜੀਤ ਕੌਰ ਨੇ ਇਹ ਵੀ ਜਾਣ ਲਿਆ ਸੀ ਕਿ ਜੇਕਰ ਰਾਕੇਸ਼ ਕੁਮਾਰ ਨੂੰ ਪਿਸਤੌਲ ਜਾਂ ਕੋਈ ਹੋਰ ਹਥਿਆਰ ਦਿਖਾਇਆ ਜਾਂਦਾ ਹੈ ਤਾਂ ਉਸ ਕੋਲ ਪੈਸੇ ਲੈ ਕੇ ਜਾਣਾ ਆਸਾਨ ਹੋ ਜਾਵੇਗਾ। ਜਿਸ ਤੋਂ ਬਾਅਦ ਉਸਨੇ ਗੁਰਕ੍ਰਿਪਾਲ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਾਲਾਂਕਿ ਸਰਬਜੀਤ ਕੌਰ ਪੁਲਿਸ ਅੜਿੱਕੇ ਚੜ੍ਹ ਚੁੱਕੀ ਹੈ ਪਰ ਦੂਸਰਾ ਮੁਲਜ਼ਮ ਗੁਰਕਿਰਪਾਲ ਹਾਲੇ ਵੀ ਫਰਾਰ ਚੱਲ ਰਿਹਾ ਹੈ। ਪੁਲੀਸ ਮੁਲਜ਼ਮ ਨੂੰ ਫੜਨ ਦੇ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਇਸ ਘਟਨਾ ਨੂੰ ਅੰਜਾਮ ਸ਼ੁੱਕਰਵਾਰ ਸ਼ਾਮ ਨੂੰ ਦਿੱਤਾ ਗਿਆ ਸੀ। ਨਕਾਬਪੋਸ਼ ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਲੱਖਾਂ ਰੁਪਏ ਦੀ ਲੁੱਟ ਕੀਤੀ ਸੀ। ਜਾਂਦੇ ਜਾਂਦੇ ਦੁਕਾਨ ਮਾਲਕ ਰਕੇਸ਼ ਕੁਮਾਰ ਅਤੇ ਉੱਥੇ ਕੰਮ ਕਰਨ ਵਾਲੀ ਲੜਕੀ ਦਾ ਮੋਬਾਇਲ ਵੀ ਖੋਹ ਲਿਆ ਸੀ।