ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਪੰਜਾਬੀ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਵਿਸ਼ੇਸ਼ ਸਹਿਯੋਗ ਨਾਲ 20 ਫਰਵਰੀ 2021 ਨੂੰ ਮੱਖਣ ਸ਼ਾਹ ਲੁਬਾਣਾ ਭਵਨ ਤੋੰ ਗੁਰਦਵਾਰਾ ਸੈਕਟਰ 22 ਚੰਡੀਗੜ੍ਹ ਤਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਅਣਗੌਲੇ ਜਾਣ ਖਿਲਾਫ਼ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਚੰਡੀਗੜ੍ਹ ਵਿਚ ਪੰਜਾਬੀ ਨੂੰ ਬਣਦਾ, ਢੁੱਕਵਾਂ ਤੇ ਸਤਿਕਾਰਯੋਗ ਸਥਾਨ ਦਵਾਉਣ, ਪਹਿਲੀ ਭਾਸ਼ਾ ਵੱਜੋਂ ਲਾਗੂ ਕਰਨ, ਸਿੱਖਿਆ ਪੰਜਾਬੀ ਮਾਧਿਅਮ ਵਿਚ ਪੜ੍ਹਾਏ ਜਾਣ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਕੀਤਾ ਗਿਆ।
ਇਸ ਰੋਸ ਮਾਰਚ ਵਿਚ ਕੇਂਦਰੀ ਸਭਾ ਨਾਲ ਜੁੜੀਆਂ ਪੁਆਧ ਖੇਤਰੀ ਸਾਹਿਤ ਸਭਾਵਾਂ ਦੇ ਪ੍ਰਤੀਨਿਧ, ਪੇਂਡੂ ਸੰਘਰਸ਼ ਕਮੇਟੀ, ਗੁਰਦੁਆਰਾ ਅਸਥਾਪਨ ਕਮੇਟੀ, ਗੁਰਦੁਆਰਾ ਪ੍ਰਬੰਧਕੀ ਕਮੇਟੀ, ਲਲਕਾਰ ਸਮੂਹ, ਟਰੇਡ ਯੂਨੀਅਨਾਂ ਦੇ ਪ੍ਰਤੀਨਿਧਾਂ, ਵਕੀਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸ਼ਹਿਰੀਆਂ ਨੇ ਭਰਵਾਂ ਹਿਸਾ ਲਿਆ। ਮਾਰਚ ਵਿਚ ਬੱਚੀਆਂ ਅਤੇ ਮਹਿਲਾਵਾਂ ਦੀ ਵੀ ਵੱਡੀ ਗਿਣਤੀ ਸੀ। ਰੋਸ ਮਾਰਚ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼੍ਰੀ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਨਾਲ ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਮੌਜੂਦਾ ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਗੁਰਜੋਤ ਸਿੰਘ ਸਾਹਨੀ, ਸੁਖਜੀਤ ਸਿੰਘ ਸੁੱਖਾ, ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ, ਗੁਰਨਾਮ ਸਿੰਘ ਸਿੱਧੂ, ਮਨਜੀਤ ਕੌਰ ਮੀਤ, ਅਮਰੀਕ ਸਿੰਘ, ਰਘਵੀਰ ਸਿੰਘ, ਯਸਪਾਲ, ਵਿਦਿਆਰਥੀ ਨੇਤਾ ਅਮਨ, ਕਿਰਪਾਲ ਸਿੰਘ, ਭਗਤ ਸਿੰਘ ਸਰੋਆ ਅਤੇ ਨੰਬਰਦਾਰ ਦਲਜੀਤ ਸਿੰਘ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ।