ਵਿਦਿਆਰਥੀ ਪ੍ਰਾਇਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ `ਚ ਦਾਖਲਾ ਕਰਵਾਉਣ ਨੂੰ ਦੇ ਰਹੇ ਹਨ ਤਵਜੋਂ

TeamGlobalPunjab
3 Min Read

ਫਾਜ਼ਿਲਕਾ: ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲ ਅਧਿਆਪਕਾ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਚਲਾਈ ਜਾ ਰਹੀ ਦਾਖਲਾ ਮੁਹਿੰਮ ਸਦਕਾ ਪ੍ਰਾਇਵੇਟ ਸਕੂਲਾਂ ਨੂੰ ਛੱਡ ਕੇ 6877 ਵਿਦਿਆਰਥੀਆਂ ਨੇ ਚਾਲੂ ਸ਼ੈਸ਼ਨ ਦੌਰਾਨ ਫਾਜਿਲਕਾ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ‘ਚ ਹੁਣ ਤੱਕ ਦਾਖਲਾ ਲਿਆ ਹੈ।

ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਫਾਜਿਲਕਾ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ 4946 ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਨੂੰ ਤਿਆਗ ਕੇ ਵੱਖ-ਵੱਖ ਜਮਾਤਾਂ ‘ਚ ਦਾਖਲਾ ਲਿਆ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸ਼ੈਸ਼ਨ ਦੌਰਾਨ ਵੱਡੀ ਗਿਣਤੀ ਵਿਚ ਬੱਚੇ ਨਿੱਜੀ ਸਕੂਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਦਾਖਲ ਹੋਏ ਸਨ ।ਪਰ ਇਸ ਵਾਰ ਇਹ ਆਂਕੜਾ ਵੱਧ ਕੇ 4986 ਹੋ ਗਿਆ ਹੈ ਅਤੇ ਹੋਰ ਵਧਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ 4986 ਬੱਚੇ ਨਿੱਜੀ ਸਕੂਲਾਂ ‘ਚੋਂ ਆਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰ 3 ਫਾਜਿਲਕਾ ਵਿੱਚ 70, ਸਰਕਾਰੀ ਪ੍ਰਾਇਮਰੀ ਸਕੂਲ ਬੱਲੂਆਣਾ ਵਿੱਚ 65 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲਾਧੂਕਾ ਵਿੱਚ 45 ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹੱਟ ਕੇ ਆਏ ਹਨ ਜੋ ਨਵੇਂ ਕੀਰਤੀਮਾਨ ਹਨ।

ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਤ੍ਰਿਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਸੈਕੰਡਰੀ ਵਿੰਗ ‘ਚ 1931 ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹੱਟ ਕੇ ਸਰਕਾਰੀ ਸਕੂਲਾਂ ‘ਚ ਦਾਖਲ ਹੋ ਚੁੱਕੇ ਹਨ।ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਦੇ ਪ੍ਰਿੰਸੀਪਲ ਮਨਦੀਪ ਥਿੰਦ ਅਨੁਸਾਰ ਉਨ੍ਹਾਂ ਦੇ ਸਕੂਲ ‘ਚ ਹੁਣ ਤੱਕ 140, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਾਵਾਲੀ ਦੀ ਪ੍ਰਿਸੀਪਲ ਮੈਡਮ ਸਵਿਤਾ ਰਾਣੀ ਅਨੁਸਾਰ 137 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਲਾਲਾਬਾਦ ਦੇ ਪ੍ਰਿੰਸੀਪਲ ਸੁਭਾਸ਼ ਸਿੰਘ ਅਨੁਸਾਰ 102 ਬੱਚੇ ਨਿੱਜੀ ਸਕੂਲਾਂ ‘ਚੋਂ ਹੱਟ ਕੇ ਦਾਖਲ ਹੋ ਚੁੱਕੇ ਹਨ।

ਜ਼ਿਲ੍ਹਾ ਸਿਖਿਆ ਅਫਸਰ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੇ ਮਿਆਰ ‘ਚ ਹੋਏ ਅਥਾਹ ਵਾਧੇ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਆਕਰਸ਼ਤ ਕੀਤਾ ਹੈ। ਸਰਕਾਰੀ ਸਕੂਲਾਂ ‘ਚ ਪਿਛਲੇ ਕੁਝ ਸਾਲਾਂ ਦੌਰਾਨ ਹੋਈਆਂ ਢਾਂਚਾਗਤ ਤੇ ਵਿੱਦਿਅਕ ਤਬਦੀਲੀਆਂ ਨੇ ਵੀ ਵਿਦਿਆਰਥੀਆਂ ਦੀ ਗਿਣਤੀ ‘ਚ ਵੱਡਾ ਵਾਧਾ ਕੀਤਾ ਹੈ।ਡੀ.ਈ.ਓਜ. ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਤਹਿਤ ਵੱਖ-ਵੱਖ ਸਾਧਨਾਂ ਰਾਹੀਂ ਕੀਤੇ ਜਾ ਰਹੇ ਪ੍ਰਚਾਰ ਦੀ ਸ਼ਲਾਘਾ ਕੀਤੀ ਹੈ, ਜਿਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ।

Share This Article
Leave a Comment