ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੋਮਵਾਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 113ਵੇਂ ਜਨਮ ਦਿਨ ਮੌਕੇ ਹਾਕੀ ਪ੍ਰੇਮੀਆਂ ਨੂੰ ਤੋਹਫ਼ਾ ਦਿੰਦਿਆਂ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹਾਕੀ ਐਸਟੋਟਰਫ਼ ਵਿਛਾਉਣ ਦਾ ਐਲਾਨ ਕੀਤਾ।
ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਦੇਸ਼ ਦੇ ਨੌਜਵਾਨਾਂ ਲਈ ਸਭ ਤੋਂ ਵੱਡੇ ਪ੍ਰੇਰਨਾਸਰੋਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਲਈ ਇਹ ਬਹੁਤ ਵੱਡਾ ਤੋਹਫ਼ਾ ਹੈ ਕਿ ਕੌਮਾਂਤਰੀ ਹਾਕੀ ਮੁਕਾਬਲਿਆਂ ਦੀ ਬਹੁਤ ਜ਼ਰੂਰੀ ਐਸਟੋਟਰਫ ਨੂੰ ਫ਼ਿਰੋਜ਼ਪੁਰ ਵਿਖੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਢੇ ਪੰਜ ਕਰੋੜ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਇਸ ਐਸਟੋਟਰਫ਼ ਨਾਲ ਫ਼ਿਰੋਜ਼ਪੁਰ ਸਣੇ ਹਾਕੀ ਦੇ ਗੜ੍ਹ ਮੰਨੇ ਜਾਂਦੇ ਇਸ ਸ਼ਹਿਰ ਅਤੇ ਨੇੜਲੇ ਸ਼ਹਿਰਾਂ ਫ਼ਰੀਦਕੋਟ, ਮੋਗਾ ਤੇ ਤਰਨ ਤਾਰਨ ਨੂੰ ਵੀ ਵੱਡਾ ਫ਼ਾਇਦਾ ਹੋਵੇਗਾ।
ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਐਸਟੋਟਰਫ਼ ਵਿਛਾਉਣ ਉਪਰੰਤ ਹਰ ਸਾਲ ਸ਼ਹੀਦ ਭਗਤ ਸਿੰਘ ਹਾਕੀ ਕੱਪ ਕਰਵਾਇਆ ਜਾਵੇਗਾ ਜਿਸ ਵਿੱਚ ਦੇਸ਼ ਦੇ ਨਾਮੀ ਖਿਡਾਰੀ ਹਿੱਸਾ ਲਿਆ ਕਰਨਗੇ।
ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਇੱਕੋ ਪਰਿਵਾਰ ਨੇ ਮਹਾਨ ਹਾਕੀ ਉਲੰਪੀਅਨ (ਹਰਮੀਤ ਸਿੰਘ, ਅਜੀਤ ਸਿੰਘ ਤੇ ਗਗਨ ਅਜੀਤ ਸਿੰਘ) ਸਣੇ ਸੈਂਕੜੇ ਹਾਕੀ ਖਿਡਾਰੀ ਪੈਦਾ ਕੀਤੇ ਹਨ। ਫ਼ਰੀਦਕੋਟ ਨੇ ਸੈਣੀ ਭੈਣਾਂ, ਰਜਿੰਦਰ ਸਿੰਘ ਸੀਨੀਅਰ, ਚੰਦ ਸਿੰਘ ਤੇ ਰੁਪਿੰਦਰਪਾਲ ਸਿੰਘ ਵਰਗੇ ਵੱਡੇ ਖਿਡਾਰੀ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਮੋਗਾ ਤੇ ਤਰਨ ਤਾਰਨ ਜ਼ਿਲ੍ਹਿਆਂ ਦੀ ਵੀ ਭਾਰਤੀ ਹਾਕੀ ਨੂੰ ਵੱਡੀ ਦੇਣ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਦੇ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ। ਰਾਜ ਸਰਕਾਰ ਦੀ ਖੇਡ ਨੀਤੀ ਇਸ ਦਿਸ਼ਾ ਵੱਲ ਇਕ ਸਹੀ ਕਦਮ ਹੈ ਕਿਉਂਕਿ ਇਹ ਕੌਮੀ ਅਤੇ ਕੌਮਾਂਤਰੀ ਖੇਡ ਟੂਰਨਾਮੈਂਟਾਂ ਲਈ ਚੈਂਪੀਅਨ ਪੈਦਾ ਕਰਨ ਵੱਲ ਸੇਧਤ ਹੈ ਅਤੇ ਨਾ ਸਿਰਫ਼ ਨੌਕਰੀਆਂ ਮੁਹੱਈਆ ਕਰਵਾਉਂਦੀ ਹੈ ਅਤੇ ਵੱਖ-ਵੱਖ ਕੌਮੀ ਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਇਨਾਮੀ ਰਾਸ਼ੀ ਨੂੰ ਵਧਾਉਣ ‘ਤੇ ਜ਼ੋਰ ਦਿੰਦੀ ਹੈ, ਸਗੋਂ ਪੰਜਾਬ ਵਿੱਚ ਮਜ਼ਬੂਤ ਅਤੇ ਉੱਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੰਦੀ ਹੈ।