ਨਿਊਜ਼ ਡੈਸਕ: ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਸਮਾਰਟਫੋਨ ਮਹਿਜ਼ 25 ਮਿੰਟਾਂ ‘ਚ ਯੂਰਿਨ ਇੰਨਫੈਕਸ਼ਨ ਦੀ ਰਿਪੋਰਟ ਦੇ ਸਕਦਾ ਹੈ। ਜੀ ਹਾਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬਾਥ ਦੇ ਬਾਇਓਲਾਜੀਕਲ ਵਿਗਿਆਨੀਆਂ ਨੇ ਇੱਕ ਅਜਿਹਾ ਸਮਾਰਟਫੋਨ ਤਿਆਰ ਕੀਤਾ ਹੈ ਜੋ ਮਹਿਜ਼ 25 ਬਾਅਦ ਹੀ ਡਾਕਟਰ ਨੂੰ ਯੂਰਿਨ ਇੰਨਫੈਕਸ਼ਨ ਬਾਰੇ ਰਿਪੋਰਟ ਦੇਵੇਗਾ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਮਾਰਟਫੋਨ ਤੋਂ ਬਾਅਦ ਡਾਕਟਰਾਂ ਨੂੰ ਯੂਰਿਨ ਰਿਪੋਰਟ ਯਾਨੀ ਯੂਟੀਆਈ ਲਈ ਕਈ ਘੰਟੇ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਤੇ ਮਰੀਜ਼ ਦਾ ਘੱਟ ਸਮੇਂ ‘ਚ ਸਹੀ ਇਲਾਜ਼ ਹੋ ਸਕੇਗਾ। ਇਹ ਸਮਾਰਟ ਫੋਨ ਮਹਿਜ਼ 25 ਮਿੰਟਾਂ ‘ਚ ਡਾਕਟਰ ਨੂੰ ਦੱਸੇਗਾ ਕਿ ਮਰੀਜ਼ ਨੂੰ ਯੂਰਿਨ ਇੰਨਫੈਕਸ਼ਨ ਯਾਨੀ ਯੂਟੀਆਈ ਹੈ ਜਾਂ ਨਹੀਂ।
ਮਾਹਰਾਂ ਦਾ ਮੰਨਣਾ ਹੈ ਕਿ ਯੂਰਿਨ ਨਲੀ ਇੰਨਫੈਕਸ਼ਨ ਦੇ 80 ਪ੍ਰਤੀਸ਼ਤ ਕੇਸਾਂ ‘ਚ ਈ.ਕੋਲੀ (E.Coli) ਬੈਕਟੀਰੀਆ ਜ਼ਿੰਮੇਵਾਰ ਹੁੰਦਾ ਹੈ। ਇਹ ਸਮਾਰਟਫੋਨ ਆਪਣੇ ਕੈਮਰੇ ਰਾਹੀਂ ਇਹ ਵੀ ਪਤਾ ਲਗਾਏਗਾ ਕਿ ਯੂਰਿਨ ਨਲੀ ‘ਚ ਈ.ਕਾਲੀ (E.Coli) ਬੈਕਟੀਰੀਆ ਹੈ ਜਾਂ ਨਹੀਂ ਜੇ ਹੈ ਤਾਂ ਇਸ ਦੀ ਸਥਿਤੀ ਕੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਯੂਟੀਆਈ ਦੇ ਕਈ ਕੇਸਾਂ ‘ਚ ਪ੍ਰਾਇਮਰੀ ਸਿਹਤ ਦੇਖਭਾਲ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਬੇਲੋੜੀ ਐਂਟੀਬਾਇਓਟਿਕਸ ਦਾ ਉਪਯੋਗ ਕਰਨਾ ਪੈਂਦਾ ਹੈ। ਜਿਸ ਨਾਲ ਯੂਟੀਆਈ ਇੰਨਫੈਕਸ਼ਨ ਘਟਣ ਦੀ ਬਜਾਏ ਹੋਰ ਵੱਧ ਜਾਂਦੀ ਹੈ ਤੇ ਇਨ੍ਹਾਂ ਮਰੀਜ਼ਾਂ ਦਾ ਇਲਾਜ ਲੰਬਾ ਤੇ ਦਰਦਨਾਕ ਹੋ ਜਾਂਦਾ ਹੈ।
ਇਸ ਸਮਾਰਟਫੋਨ ਦੇ ਜ਼ਰੀਏ ਯੂਟੀਆਈ ਇੰਨਫੈਕਸ਼ਨ ਦਾ ਪਤਾ ਲਗਾਉਣ ਲਈ ਗਰਭ ਅਵਸਥਾ ਦੀ ਤਰ੍ਹਾਂ ਹੀ ਯੂਰਿਨ ਦੀ ਇੱਕ ਬੂੰਦ ਲੈ ਕੇ ਉਸ ਦਾ ਟੈਸਟ ਕੀਤਾ ਜਾਵੇਗਾ। ਇਹ ਸਮਾਰਟਫੋਨ ਆਪਣੇ ਸੈਂਸਰਾਂ ਤੇ ਕੈਮਰਿਆਂ ਰਾਹੀਂ ਈ-ਕਾਲੀ ਬੈਕਟੀਰੀਆ ਦੀ ਪਹਿਚਾਣ ਕਰੇਗਾ ਤੇ 25 ਮਿੰਟ ਅੰਦਰ ਆਪਣੀ ਰਿਪੋਰਟ ਦੇਵੇਗਾ।