ਚੰਡੀਗੜ੍ਹ: ਸਾਬਕਾ ਡੀਜੀਪੀ ਸੈਣੀ ਨੂੰ ਮਿਲੀ ਸੁਰੱਖਿਆ ਦੇ 26 ਮੁਲਾਜ਼ਮਾਂ ਤੋਂ ਐਸਆਈਟੀ ਨੇ ਪੁੱਛਗਿਛ ਕੀਤੀ ਹੈ। 26 ਮੁਲਾਜ਼ਮਾਂ ‘ਚ ਡਰਾਈਵਰ ਸੁਰੱਖਿਆ ਇਨਚਾਰਜ, ਪੀਐਸਉ, ਘਰ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਗਾਰਡ, ਐਸਕੋਰਟ ‘ਚ ਤਾਇਨਾਤ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਗਏ ਹਨ ਜਿਸ ਵਿੱਚ ਅਗਸਤ ਮਹੀਨੇ ‘ਚ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਸੈਣੀ ਨੂੰ ਦੇਖਣ ਮਿਲਣ ਬਾਰੇ ਜ਼ਿਕਰ ਕੀਤਾ ਹੈ। ਇਹ ਪੁੱਛਗਿਛ ਇਸ ਮਹੀਨੇ ਦੀ 3, 4 ਤੇ 6 ਤਰੀਕਾਂ ਨੂੰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁਹਾਲੀ ਅਦਾਲਤ ਵੱਲੋਂ ਪੰਜਾਬ ਪੁਲੀਸ ਦੀ ਅਪੀਲ ’ਤੇ ਸੁਮੇਧ ਸੈਣੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਸਿੱਟ ਨੇ ਬੀਤੇ ਦਿਨੀਂ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਅਤੇ ਉਪ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਰਾਹੀਂ ਮੁਹਾਲੀ ਦੇ ਜੁਡੀਸ਼ਲ ਮੈਜਿਸਟਰੇਟ (ਫਸਟ ਕਲਾਸ) ਰਵਤੇਸ ਇੰਦਰਜੀਤ ਸਿੰਘ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਸਾਬਕਾ ਡੀਜੀਪੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ।
ਪੰਜਾਬ ਪੁਲਿਸ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਹਾਲੇ ਤੱਕ ਪੁਲਿਸ ਉਸਨੂੰ ਕਾਬੂ ਨਹੀਂ ਕਰ ਸਕੀ, ਸੈਣੀ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਹੈ।