*ਡਾ. ਗੁਰਦੇਵ ਸਿੰਘ
ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਦੁਜੀ ਪਉੜੀ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 138 ‘ਤੇ ਅੰਕਿਤ ਹੈ। ਇਸ ਪਉੜੀ ਵਿੱਚ ਗੁਰੂ ਸਾਹਿਬ ਜਗਤ ਦੀ ਰਚਨਾ ਤੇ ਇਸ ਦੇ ਰਚੇ ਢਾਂਚੇ ਦਾ ਗਿਆਨ ਦੇ ਰਹੇ ਹਨ। ਕਿਸ ਨੇ ਇਹ ਜਗਤ ਉਪਾਇਆ? ਉਸ ਰਚਨਹਾਰੇ ਦਾ ਕੀ ਮਕਸਦ ਹੈ? ਜਗਤ ਵਿੱਚ ਜੋ ਹੋਰ ਰਿਹਾ ਹੈ ਕਿਵੇਂ ਤੇ ਕੌਣ ਕਰਵਾ ਰਿਹਾ ਹੈ? ਅਤੇ ਕਿਵੇਂ ਉਸ ਰਚਨਹਾਰੇ ਦੇ ਇਸ ਜਗਤ ਵਿੱਚ ਸੋਭਾ ਪਾਈ ਜਾ ਸਕਦੀ ਹੈ ? ਉਸ ਬਾਰੇ ਗੁਰੂ ਸਾਹਿਬ ਇਸ ਪਉੜੀ ਵਿੱਚ ਉਪਦੇਸ਼ ਦੇ ਰਹੇ ਹਨ:
ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥ ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥ ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥ ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥ ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥
ਪਦ ਅਰਥ : ਠਗਉਲੀ = ਠਗ-ਮੂਰੀ, ਠਗ-ਬੂਟੀ। ਆਪਹੁ = ਆਪਣੇ ਆਪ ਤੋਂ। ਖੁਆਇਆ = ਖੁੰਝਾ ਦਿੱਤਾ। ਨਹ ਤਿਪਤੈ = ਨਹੀਂ ਰੱਜਦਾ। ਸਹਸਾ = ਤੌਖ਼ਲਾ। ਸੁਖਿ = ਸੁਖ ਵਿਚ। ਰਜਾ = ਰੱਜ ਗਿਆ। ਮਾਇਆ = ਮਾਂ। ਜਣੇਦੀ = ਜੰਮਣ ਵਾਲੀ।
ਅਰਥ : (ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ। (ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ। (ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ। ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। (ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾਂ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ। ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿੱਕ ਕੇ) ਤ੍ਰਿਪਤ ਹੁੰਦਾ ਹੈ। ਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ। ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ।2।
ਮਾਝ ਦੀ ਵਾਰ ਦੀ ਦੂਜੀ ਪਉੜੀ ਵਿੱਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਇਹ ਸਾਰਾ ਜਗਤ ਉਸ ਅਕਾਲ ਪੁਰਖ ਨੇ ਹੀ ਰਚਿਆ ਹੈ। ਉਸ ਨੇ ਇਸ ਵਿੱਚ ਮਾਇਆ ਦਾ ਵਾਸ ਕੀਤਾ ਹੈ । ਜਗਤ ਦੀ ਸਾਰੀ ਖੇਡ ਹੀ ਅਕਾਲ ਪੁਰਖ ਦੀ ਰਚੀ ਹੈ ਉਹ ਭਾਵੇਂ ਮਨੁੱਖੀ ਬਿਰਤੀਆਂ ਮੁਤਾਬਕ ਚੰਗੀ ਹੈ ਜਾਂ ਮੰਦੀ ਹੈ। ਅਜਿਹਾ ਉਹ ਕਿਉਂ ਕਰ ਰਿਹਾ ਹੈ ਉਸ ਬਾਰੇ ਉਹ ਆਪ ਹੀ ਜਾਣਦਾ ਹੈ। ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹ ਉਸ ਪ੍ਰਭੂ ਦੀ ਇਸ ਰਚਨਾ ਨੂੰ ਸਮਝ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਦਾ ਮਨ ਗੁਰੁ ਕਿਰਪਾ ਸਕਦਾ ਉਸ ਅਕਾਲ ਪੁਰਖ ਵਿੱਚ ਜੁੜ ਜਾਂਦਾ ਹੈ ਉਹ ਫਿਰ ਇਸ ਜਗਤ ਵਿੱਚ ਸੋਭਾ ਪਾਉਂਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਲੜੀ ਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਤੀਜੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ।