ਸ਼ਬਦ ਵਿਚਾਰ -124
ਸਾਚਾ ਨਿਰੰਕਾਰੁ ਨਿਜ ਥਾਇ॥ ਸੁਣਿ ਸੁਣਿ ਆਖਣੁ ਆਖਣਾ …
*ਡਾ. ਗੁਰਦੇਵ ਸਿੰਘ
ਅਕਾਲ ਪੁਰਖ ਦੀ ਮਹਿਮਾ ਨੂੰ ਵਰਨਣ ਨਹੀਂ ਕੀਤਾ ਜਾ ਸਕਦਾ ਹੈ। ਉਹ ਆਪਣੇ ਆਪ ਵਿੱਚ ਆਪ ਹੈ। ਉਸ ਦੇ ਬਾਰੇ ਨਾਹੀ ਕੁਝ ਕਿਣਕਾ ਮਾਤਰ ਲਿਖਿਆ ਜਾ ਸਕਦਾ ਹੈ ਅਤੇ ਨਾਹੀ ਕਿਸੇ ਹੋਰ ਤਰੀਕੇ ਨਾਲ ਉਸ ਦਾ ਅੰਤ ਪਾਇਆ ਜਾ ਸਕਦਾ ਹੈ। ਉਹ ਸਰਬ ਕਲਾ ਸਮਰਥ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਸਾਚਾ ਨਿਰੰਕਾਰੁ ਨਿਜ ਥਾਇ ॥ ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 14 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ ਦੂਸਰਾ ਸ਼ਬਦ ਹੈ। ਇਸ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਅਥਾਹ, ਸਰਬ ਕਲਾ ਸਮਰਥ, ਬੇਅੰਤ ਪ੍ਰਭੂ ਬਾਰੇ ਉਪਦੇਸ਼ ਕੁਝ ਇਸ ਪ੍ਰਕਾਰ ਦੇ ਰਹੇ ਹਨ:
ਸਿਰੀਰਾਗੁ ਮਹਲਾ ੧ ॥
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥
ਪਦ ਅਰਥ : ਕੋਟੀ = ਕੋਟਿ। ਕੋਟੀ ਕੋਟਿ = ਕੋਟਿ ਕੋਟਿ, ਕ੍ਰੋੜਾਂ ਹੀ (ਸਾਲ) । ਆਰਜਾ = ਉਮਰ। ਪੀਅਣੁ = ਪੀਣਾ। ਅਪਿਆਉ = ਖਾਣਾ, ਭੋਜਨ। ਗੁਫੈ = ਗੁਫਾ ਵਿਚ (ਰਹਿ ਕੇ) । ਸਉਣ ਥਾਉ = ਸੌਣ ਦਾ ਥਾਂ। ਭੀ = ਫਿਰ ਭੀ। ਹਉ = ਮੈਂ। ਕੇਵਡੁ = ਕਿਤਨਾ ਵੱਡਾ। ਨਾਉ = ਨਾਮਣਾ, ਵਡਿਆਈ।6।
ਵਿਆਖਿਆ : ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ) , ਜੇ (ਕਿਸੇ) ਗੁਫਾ ਵਿਚ (ਬੈਠਾ ਰਹਿ ਕੇ) ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ (ਭਾਵ, ਕਿ ਦਿਨ-ਰਾਤ ਮੈਂ ਗੁਫਾ ਵਿਚ ਬੈਠ ਕੇ ਸਮਾਧੀ ਲਾਈ ਰੱਖਾਂ) , ਜੇ ਸੁਫਨੇ ਵਿਚ ਭੀ ਸੌਣ ਦੀ ਥਾਂ ਨ ਮਿਲੇ (ਜੇ ਕਦੇ ਭੀ ਨਾਹ ਸੌਂ ਸਕਾਂ) ਤਾਂ ਭੀ (ਹੇ ਪ੍ਰਭੂ! ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ) ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ (ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ) , ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ? (ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ) ।1।
ਸਾਚਾ ਨਿਰੰਕਾਰੁ ਨਿਜ ਥਾਇ ॥ ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥
ਪਦ ਅਰਥ : ਥਾਇ = ਥਾਂ ਵਿਚ, ਸਰੂਪ ਵਿਚ। ਨਿਜ ਥਾਇ = ਆਪਣੇ ਸਰੂਪ ਵਿਚ, ਆਪਣੇ ਆਪ ਵਿਚ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਆਖਣੁ = ਬਿਆਨ। ਜੇ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਤਮਾਇ = ਖਿੱਚ, ਤਾਂਘ (ਜੀਵ ਦੇ ਅੰਦਰ ਸਿਫ਼ਤਿ-ਸਾਲਾਹ ਕਰਨ ਦੀ) ਤਾਂਘ। ਕਰੇ = ਪੈਦਾ ਕਰ ਦੇਂਦਾ ਹੈ।1। ਰਹਾਉ।
ਵਿਆਖਿਆ : ਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ) ਅਸੀਂ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ। (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ) । ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫ਼ਤਿ-ਸਾਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ।1। ਰਹਾਉ।
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥
ਪਦ ਅਰਥ : ਕੁਸਾ = ਕੁੱਸਾਂ, ਜੇ ਮੈਂ (ਆਪਣੇ ਆਪ ਨੂੰ) ਕੁਹ ਸੁੱਟਾਂ। ਕਟੀਆ = ਜੇ ਮੈਂ (ਆਪਣੇ ਆਪ ਨੂੰ ਰਤਾ ਰਤਾ) ਕਟਾ ਦਿਆਂ। ਵਾਰ ਵਾਰ = ਮੁੜ ਮੁੜ। ਪੀਸਣਿ = ਚੱਕੀ ਵਿਚ। ਪਾਇ = ਪਾ ਕੇ। ਸੇਤੀ = ਨਾਲ। ਜਾਲੀਆ = ਜਾਲੀਆਂ, ਜੇ ਮੈਂ ਸਾੜ ਦਿਆਂ।2।
ਵਿਆਖਿਆ : ਜੇ (ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ) ਮੈਂ ਕੁਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ, ਚੱਕੀ ਵਿਚ ਪਾ ਕੇ ਪੀਹ ਦਿਆਂ, ਅੱਗ ਨਾਲ ਸਾੜ ਸੁੱਟਾਂ, ਤੇ (ਆਪਣੇ ਆਪ ਨੂੰ) ਸੁਆਹ ਨਾਲ ਰਲਾ ਦਿਆਂ (ਇਤਨੇ ਤਪ ਸਾਧ ਕੇ ਭੀ, ਹੇ ਪ੍ਰਭੂ!) ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।2।
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥ ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥
ਪਦ ਅਰਥ : ਸੈ = ਸੈਂਕੜੇ। ਨਦਰੀ ਨ ਆਵਊ = ਮੈਂ ਨਾਹ ਦਿੱਸਾਂ।3।
ਵਿਆਖਿਆ : ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ, ਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ, (ਇਤਨੀ ਪਹੁੰਚ ਰੱਖਦਾ ਹੋਇਆ) ਭੀ (ਹੇ ਪ੍ਰਭੂ!) ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।3।
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
ਪਦ ਅਰਥ : ਕਾਗਦ = ਕਾਗ਼ਜ਼। ਕੀਚੈ = ਕੀਤਾ ਜਾਏ। ਭਾਉ = ਅਰਥ। ਮਸੂ = (ਲਫ਼ਜ਼ ‘ਮਸੁ’ ਤੋਂ ਸੰਬੰਧ ਕਾਰਕ) ਮੱਸੁ ਦੀ, ਸਿਆਹੀ ਦੀ। ਨ ਆਵਈ = ਨ ਆਵੈ। ਲੇਖਣਿ = ਕਲਮ। ਪਵਣੁ = ਹਵਾ। ਚਲਾਉ = ਚਲਾਵਾਂ, ਮੈਂ ਚਲਾਵਾਂ।4।
ਵਿਆਖਿਆ : ਹੇ ਨਾਨਕ! (ਆਖ– ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗ਼ਜ਼ ਹੋਣ ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ, ਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ, ਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।4।2।
ਜੇ ਕ੍ਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ ਤੇ ਬੜੇ ਬੜੇ ਤਪ ਸਹਾਰ ਸਹਾਰ ਕੇ ਦਿੱਬ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਪ੍ਰਾਪਤ ਕਰ ਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖ਼ੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤਕ ਹੋ ਆਵੀਏ, ਜੇ ਅਮੁੱਕ ਸਿਆਹੀ ਨਾਲ ਲੱਖਾਂ ਮਣਾਂ ਕਾਗ਼ਜ਼ਾਂ ਉੱਤੇ ਪ੍ਰਭੂ ਦੀ ਵਡਿਆਈ ਦਾ ਲੇਖ ਇਕ-ਸਾਰ ਲਿਖਦੇ ਜਾਈਏ; ਤਾਂ ਭੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ, ਉਸ ਨੂੰ ਸਹਾਰਾ ਦੇਣ ਜੋਗਾ ਕੋਈ ਉਸ ਦਾ ਸ਼ਰੀਕ ਨਹੀਂ ਹੈ। ਜਿਸ ਉਤੇ ਮੇਹਰ ਕਰੇ ਉਸ ਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼ਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।