ਚੰਡੀਗੜ੍ਹ, (ਅਵਤਾਰ ਸਿੰਘ) : ਕਰੋਨਾ ਮਹਾਮਾਰੀ ਪੀੜਤ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪਰ ਇਸ ਸਮੇਂ ਬਹੁਤ ਸਾਰੇ ਦਾਨੀ ਸੱਜਣ ਵੀ ਪੀੜਤਾਂ ਦੀ ਸਹਾਇਤਾ ਕਰਨ ਲਈ ਅੱਗੇ ਆ ਰਹੇ ਹਨ। ਇਸੇ ਤਰ੍ਹਾਂ ‘ਮੋਹਾਲੀ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ’ ਦੇ ਮੈਂਬਰ ਨਾ ਕੇਵਲ ਕੋਵਿਡ ਉਚਿਤ ਵਿਵਹਾਰ ਬਾਰੇ ਜਾਗੂਕਤਾ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਸਗੋਂ ਲੋਕਾਂ ਨੂੰ ਪੀਪੀਈ ਕਿੱਟਾਂ, ਮਾਸਕ, ਸੈਨੀਟਾਈਜ਼ਰ ਵੀ ਮੁਹੱਈਆ ਕਰਵਾ ਰਹੇ ਹਨ ਤੇ ਕੋਵਿਡ ਦੇ ਖ਼ਿਲਾਫ਼ ਇਸ ਜੰਗ ਵਿੱਚ ਉਹ ਆਮ ਜਨਤਾ ਜਾਂ ਪ੍ਰਸ਼ਾਸਨ ਤੋਂ ਕੋਈ ਵਿੱਤੀ ਮਦਦ ਵੀ ਨਹੀਂ ਲੈ ਰਹੇ।
‘ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ’ ਦੇ ਪ੍ਰਧਾਨ ਸਵਰਨ ਚੌਧਰੀ ਅਤੇ ਸਕੱਤਰ ਹਰਿੰਦਰਪਾਲ ਸਿੰਘ ਹੈਰੀ ਨੇ ਮੋਹਾਲੀ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ), ਐੱਚ.ਐੱਸ. ਚੀਮਾ ਨੂੰ 20 ਸਰਜੀਕਲ ਗਾਊਨਸ ਦਿੱਤੇ। ਉਨ੍ਹਾਂ ਸੈਨਿਟਰੀ ਕਰਮਚਾਰੀਆਂ ਨੂੰ ਸੇਫ਼ਟੀ ਗੀਅਰ, ਸਾਬਣ, ਸੈਨੀਟਾਈਜ਼ਰਸ ਤੇ ਦਸਤਾਨੇ ਵੀ ਮੁਹੱਈਆ ਕਰਵਾਏ।
‘ਮੋਹਾਲੀ ਦੇ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ’ ਦੇ ਪ੍ਰਧਾਨ ਸਵਰਨ ਚੌਧਰੀ ਨੇ ਕਿਹਾ ਕਿ ਇਹ ਦੂਜੀ ਲਹਿਰ ਪਹਿਲੀ ਦੇ ਮੁਕਾਬਲੇ ਵਧੇਰੇ ਖ਼ਤਰਨਾਕ ਹੈ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਸਿਵਲ ਸਰਜਨ ਦੇ ਦਫ਼ਤਰ ’ਚ ਸਰਜੀਕਲ ਗਾਊਨਸ ਦੀ ਜ਼ਰੂਰਤ ਬਾਰੇ ਜਾਣਕਾਰੀ ਮਿਲੀ। ਐਸੋਸੀਏਸ਼ਨ ਨੇ ਇਹ ਗਾਊਨ ਤੁਰੰਤ ਲੁਧਿਆਣਾ ਦੀ ਇੱਕ ਫ਼ਰਮ ਤੋਂ ਖ਼ਰੀਦ ਕੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਹਵਾਲੇ ਕੀਤੇ।
ਮੋਹਾਲੀ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਐੱਚ.ਐੱਸ. ਚੀਮਾ ਨੇ ਕਿਹਾ, ‘ਅਸੀਂ ‘ਮੋਹਾਲੀ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ’ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਜੋ ਸਾਡੀ ਮਦਦ ਲਈ ਅੱਗੇ ਆਈ। ਅਜਿਹੇ ਕਾਰਜ ਬਹੁਤ ਉਤਸ਼ਾਹ ਵਧਾਉਂਦੇ ਹਨ।’