ਮਦਨ ਮੋਹਨ ਮਿੱਤਲ ਨੇ ਕਮਲ ਦਾ ਫੁੱਲ ਛੱਡ ਕੇ ਹੱਥ ਵਿੱਚ ਫੜੀ ਤੱਕੜੀ

TeamGlobalPunjab
2 Min Read

ਆਨੰਦਪੁਰ ਸਾਹਿਬ- ਦਲ ਬਦਲੂ ਅਤੇ ਜੋੜ ਤੋੜ ਦੀ ਰਾਜਨੀਤੀ ਦੇ ਚਲਦੇ ਸਿਆਸੀ ਪਾਰਟੀਆਂ ਦੇ ਕਈ ਵੱਡੇ ਆਗੂ ਅਤੇ ਵਰਕਰ ਚੋਣਾਂ ਦੇ ਨਜ਼ਦੀਕ ਆ ਕੇ ਵੀ ਲਗਾਤਾਰ ਪਾਰਟੀਆਂ ਬਦਲ ਰਹੇ ਹਨ। ਇਸੇ ਕੜੀ ਵਿੱਚ ਅੱਜ ਭਾਜਪਾ ਦੇ ਵੱਡੇ ਆਗੂ ਮਦਨ ਮੋਹਨ ਮਿੱਤਲ ਨੇ ਕਮਲ ਦਾ ਫੁੱਲ ਛੱਡ ਕੇ ਹੱਥ ਵਿੱਚ ਤੱਕੜੀ ਫੜ ਲਈ ਹੈ। ਮਦਨ ਮੋਹਨ ਮਿੱਤਲ ਭਾਰਤੀ ਜਨਤਾ ਪਾਰਟੀ ਨੂੰ ਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।

ਦਰਅਸਲ ਮਿੱਤਲ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣੇ ਬੇਟੇ ਅਰਵਿੰਦ ਮਿੱਤਲ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਅਜਿਹਾ ਹੋਇਆ ਨਹੀਂ। ਭਾਜਪਾ ਨੇ ਇਕ ਵਾਰ ਫਿਰ ਡਾਕਟਰ ਪਰਮਿੰਦਰ ਸ਼ਰਮਾ ‘ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਪਿਛਲੀਆਂ ਚੋਣਾਂ ‘ਚ ਵੀ ਭਾਜਪਾ ਨੇ ਪਰਮਿੰਦਰ ਸ਼ਰਮਾ ਨੂੰ ਟਿਕਟ ਦਿੱਤੀ ਸੀ। ਪਤਾ ਲੱਗਾ ਹੈ ਕਿ ਅਕਾਲੀ ਦਲ ਉਨ੍ਹਾਂ ਦੇ ਪੁੱਤਰ ਅਰਵਿੰਦ ਮਿੱਤਲ ਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਬਸਪਾ ਨਿਤਿਨ ਨੰਦਾ ਨੂੰ ਉਤਾਰ ਦੇਵੇਗੀ। ਭਾਵੇਂ ਅਕਾਲੀ ਦਲ ਵੱਲੋਂ ਪਹਿਲਾਂ ਹੀ ਇਸ ਸੀਟ ਦਾ ਐਲਾਨ ਕਰਕੇ ਇਹ ਸੀਟ ਨਿਤਿਨ ਨੰਦਾ ਨੂੰ ਦਿੱਤੀ ਗਈ ਹੈ ਪਰ ਹੁਣ ਇਸ ਸੀਟ ‘ਤੇ ਫੇਰਬਦਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਧਿਆਨ ਦੇਣ ਯੋਗ ਹੈ ਕਿ ਮਦਨ ਮੋਹਨ ਮਿੱਤਲ ਇਸ ਸਮੇਂ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਹਨ। ਮਿੱਤਲ ਦੀ ਟਿਕਟ ਪਿਛਲੀ ਵਾਰ ਵੀ ਕੱਟੀ ਗਈ ਸੀ ਅਤੇ ਪਾਰਟੀ ਨੇ ਇਹ ਟਿਕਟ ਪਰਮਿੰਦਰ ਸ਼ਰਮਾ ਨੂੰ ਦਿੱਤੀ ਸੀ ਪਰ ਉਹ ਕਾਂਗਰਸ ਦੇ ਰਾਣਾ ਕੇਪੀ ਸਿੰਘ ਤੋਂ ਬੁਰੀ ਤਰ੍ਹਾਂ ਹਾਰ ਗਏ ਸਨ। ਭਾਜਪਾ ਆਗੂ ਮਿੱਤਲ ਦੇ ਜਾਣ ਨੂੰ ਵੱਡਾ ਝਟਕਾ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਲਰਾਮ ਜੀ ਦਾਸ ਟੰਡਨ ਤੋਂ ਬਾਅਦ ਮਦਨ ਮੋਹਨ ਮਿੱਤਲ ਹੀ ਅਜਿਹੇ ਆਗੂ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਪਾਰਟੀ ਨੂੰ ਉਭਾਰਿਆ ਹੈ।

ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਅੱਤਵਾਦ ਦੇ ਦਿਨਾਂ ਵਿੱਚ ਜਦੋਂ ਕਿਸੇ ਨੇ ਭਾਜਪਾ ਦੀ ਗੱਲ ਨਹੀਂ ਕੀਤੀ ਤਾਂ ਮਦਨ ਮੋਹਨ ਮਿੱਤਲ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਅਤੇ ਉਹ ਸਭ ਤੋਂ ਵੱਧ ਸਮਾਂ ਪਾਰਟੀ ਦੇ ਸੂਬਾ ਪ੍ਰਧਾਨ ਰਹੇ। 1997 ‘ਚ ਜਦੋਂ ਪਾਰਟੀ ਮੁੜ ਸੱਤਾ ‘ਚ ਆਈ ਤਾਂ ਉਸ ਨੂੰ ਫੂਡ ਐਂਡ ਸਪਲਾਈ ਵਰਗਾ ਅਹਿਮ ਵਿਭਾਗ ਦਿੱਤਾ ਗਿਆ।

Share This Article
Leave a Comment