ਮਿਸੀਸਾਗਾ : ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਸਤੰਬਰ ਮਹੀਨੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੀਲ ਪੁਲਿਸ ਨੇ ਜਸਤਰਨ ਸੰਧੂ ਤੋਂ ਬਾਅਦ ਬਰੈਂਪਟਨ ਦੇ ਇੱਕ ਹੋਰ 16 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਹਨ।
ਦੱਸ ਦਈਏ ਕਿ ਬੀਤੀ 17 ਸਤੰਬਰ ਨੂੰ ਰਾਤ 8 ਵਜੇ ਮਿਸੀਸਾਗਾ ਦੇ ਹਾਲ ਸਟਰੀਟ ਅਤੇ ਏਅਰਪੋਰਟ ਰੋਡ ਖੇਤਰ ‘ਚ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਝੜਪ ਹੋਈ ਸੀ। ਇਨ੍ਹਾਂ ਵਿੱਚ ਕੁੱਲ 20 ਵਿਅਕਤੀ ਸ਼ਾਮਲ ਸਨ। ਇਸ ਦੌਰਾਨ ਇੱਕ ਧੜੇ ਦੇ ਨੌਜਵਾਨਾਂ ਨੇ ਦੂਜਿਆਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ ਤਿੰਨ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ।
ਜ਼ਖਮੀ ਹੋਏ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਨ੍ਹਾਂ ਵਿੱਚੋਂ ਬਰੈਂਪਟਨ ਦੇ ਵਾਸੀ ਇੱਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੀਲ ਪੁਲਿਸ ਨੇ ਘਟਨਾ ਤੋਂ ਦੂਜੇ ਹੀ ਦਿਨ ਮਿਸੀਸਾਗਾ ਦੇ 18 ਸਾਲਾ ਨੌਜਵਾਨ ਜਸਤਰਨ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ’ਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਸਨ।
ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਬਰੈਂਪਟਨ ਦੇ 16 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ’ਤੇ ਫਰਸਟ ਡਿਗਰੀ ਮਰਡਰ ਦੇ ਨਾਲ-ਨਾਲ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪੁਲਿਸ ਨੇ ਇਸ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਹੈ, ਪਰ ਸਥਾਨਕ ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਵੀ ਭਾਰਤੀ ਮੂਲ ਦੇ ਭਾਈਚਾਰੇ ਨਾਲ ਸਬੰਧਤ ਹੈ।