ਬਰੈਂਪਟਨ: ਬਰੈਂਪਟਨ ਵਾਸੀ ਸੰਗੀਤਾ ਸ਼ਰਮਾ ਕਤਲ ਮਾਮਲੇ ‘ਚ ਪੀਲ ਰੀਜਨਲ ਪੁਲਿਸ ਨੇ ਦੋ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਹੈ। ਇਹ ਸ਼ੱਕੀ ਵਿਅਕਤੀ ਉਹੀ ਹਨ ਜੋ ਕਾਲੇ ਰੰਗ ਦੀ ਸੇਡਾਨ ਕਾਰ ਵਿੱਚ ਸਵਾਰ ਹੋ ਕੇ ਆਏ ਸਨ।
ਕੁਝ ਦਿਨ ਪਹਿਲਾਂ ਬਰੈਂਪਟਨ ਦੀ ਰਹਿਣ ਵਾਲੀ ਸੰਗੀਤਾ ਸ਼ਰਮਾ ਨੂੰ ਘਰ ਦੀ ਗੈਰਾਜ ਵਿੱਚ ਹੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਈ ਸੰਗੀਤਾ ਨੂੰ ਉਸ ਦੇ ਪਤੀ ਵੱਲੋਂ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮ ਗਹਿਰਾ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਰਿਪੋਰਟਾਂ ਮੁਤਾਬਕ ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੀ 56 ਸਾਲਾ ਫਾਰਮਾਸਿਸਟ ਸੰਗੀਤਾ ਸ਼ਰਮਾ ਦਾ ਘਰ
ਏਅਰਪੋਰਟ ਰੋਡ ਅਤੇ ਕੰਟਰੀਸਾਈਡ ਡਰਾਈਵ ਦੇ ਨੇੜੇ ਲਿਨਸਟੌਕ ਡਰਾਈਵ ਅਤੇ ਵੀਲਾਈਨ ਬੁਲੇਵਾਰਡ ਖੇਤਰ ਵਿੱਚ ਸਥਿਤ ਹੈ। ਸੰਗੀਤਾ ਸ਼ਰਮਾ ਨੂੰ ਉਸ ਵੇਲੇ ਕਿਸੇ ਨੇ ਗੋਲੀ ਮਾਰ ਦਿੱਤੀ, ਜਦੋਂ ਉਹ ਆਪਣੇ ਘਰ ਦੀ ਗੈਰਾਜ ਵਿੱਚ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਸੰਗੀਤਾ ਦਾ ਪਤੀ ਬਰੈਂਪਟਨ ਦੇ ਇੱਕ ਮੰਦਰ ਵਿੱਚ ਪੁਜਾਰੀ ਹੈ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਬਿਊਰੋ ਦੇ ਜਾਂਚਕਰਤਾਵਾਂ ਨੇ ਵਾਰਦਾਤ ਵਾਲੀ ਜਗਾ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਹੈ, ਜਿਸ ਵਿੱਚ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਵਿੱਚ ਕੁਝ ਅਣਪਛਾਤੇ ਸੰਗੀਤਾ ਦੇ ਗੈਰਾਜ ਵਿੱਚ ਪਹੁੰਚੇ ਅਤੇ ਉੱਥੋਂ ਵਾਪਸ ਗਏ। ਜਿਸ ਤੋਂ ਬਾਅਦ ਹੁਣ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਸ਼ੱਕੀਆਂ ਦੀ ਸ਼ਨਾਖਤ ਕਰ ਲਈ ਹੈ।