ਬੇਅਦਬੀ ਵਾਲਾ ਮਸਲਾ ਹੱਲ ਨਾ ਕਰਨਾ ਪੰਜਾਬ ਸਰਕਾਰ ਲਈ ਬਣੇਗਾ ਪਰੇਸ਼ਾਨੀ ਦਾ ਕਾਰਨ !

TeamGlobalPunjab
3 Min Read

ਦਰਸ਼ਨ ਸਿੰਘ ਖੋਖਰ

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਅਤੇ ਹੋਰਨਾਂ ਪਿੰਡਾਂ ਵਿੱਚ ਵਿੱਚ ਹੋਈ ਬੇਅਦਬੀ ਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਰਗਾੜੀ ਵਿਚ ਹੋਏ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਹੋ ਰਹੀ ਦੇਰੀ ਕਾਰਨ ਪੰਜਾਬ ਸਰਕਾਰ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦਾ ਕਾਰਨ ਇਹ ਹੈ ਕਿ ਇਸ ਮਸਲੇ ਦੇ ਹੱਲ ਲਈ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਈ ਮੰਤਰੀਆਂ ਨੇ ਸਾਲ ਪਹਿਲਾਂ ਇਹ ਸਪੱਸ਼ਟ ਕਿਹਾ ਸੀ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਅੰਦਰ ਕਰਵਾਇਆ ਜਾਵੇਗਾ । ਪਰ ਅਦਾਲਤਾਂ ਵਿੱਚੋਂ ਪੰਜਾਬ ਸਰਕਾਰ ਦੇ ਵਕੀਲਾਂ ਤੋਂ ਚੰਗੀ ਤਰ੍ਹਾਂ ਮਾਮਲਿਆਂ ਦੀ ਪੈਰਵਾਈ ਨਹੀਂ ਹੋਈ ਜਿਸ ਕਾਰਨ ਕਈ ਮੁਲਜ਼ਮ ਅਦਾਲਤਾਂ ਤੋਂ ਜ਼ਮਾਨਤਾਂ ਵੀ ਲੈ ਗਏ ਹਨ।

ਜਾਣਕਾਰੀ ਅਨੁਸਾਰ ਇਨ੍ਹਾਂ ਮਸਲਿਆਂ ਦੇ ਹੱਲ ਲਈ ਪੰਜਾਬ ਸਰਕਾਰ ਨੇ ਜੋ ਵਿਸ਼ੇਸ਼ ਜਾਂਚ ਟੀਮ ਬਣਾਈ ਹੋਈ ਹੈ ਉਨ੍ਹਾਂ ਦੇ ਮੈਂਬਰ ਇੱਕ ਮੱਤ ਅਤੇ ਇਕਸੁਰ ਨਹੀਂ ਹਨ । ਇਸਦਾ ਨੁਕਸਾਨ ਕੈਪਟਨ ਸਰਕਾਰ ਨੂੰ ਇਹ ਹੋ ਰਿਹਾ ਹੈ ਕਿ ਜਨਤਾ ਵਿੱਚ ਇਹ ਸੁਨੇਹਾ ਗਿਆ ਹੈ ਕਿ ਕੈਪਟਨ ਸਰਕਾਰ ਇਨ੍ਹਾਂ ਮਸਲਿਆਂ ਦੇ ਹੱਲ ਲਈ ਗੰਭੀਰ ਨਹੀਂ। ਇਸ ਮਾਮਲੇ ਵੱਲ ਪੰਜਾਬ ਦੇ ਲੋਕਾਂ ਅਤੇ ਸਿੱਖ ਕੌਮ ਦਾ ਧਿਆਨ ਇਸ ਕਾਰਨ ਵਧੇਰੇ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕੇ ਬੇਅਦਬੀ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਇਸ ਵਿੱਚ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

- Advertisement -

ਪਹਿਲਾਂ ਪੰਜਾਬ ਕਾਂਗਰਸ ਅਤੇ ਕੈਪਟਨ ਸਰਕਾਰ ਨੇ ਇਹ ਪ੍ਰਭਾਵ ਬਣਾ ਲਿਆ ਸੀ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਵੀ ਇਸ ਮਸਲੇ ਸਬੰਧੀ ਅੰਦਰ ਦੇਣ ਤੋਂ ਗੁਰੇਜ਼ ਨਹੀਂ ਕਰੇਗੀ । ਪਰ ਹੁਣ ਇਸ ਮਸਲੇ ਦੇ ਹੱਲ ਲਈ ਵਰਤੀ ਜਾ ਰਹੀ ਢਿੱਲ ਤੋਂ ਇਹ ਲੱਗਦਾ ਹੈ ਕਿ ਕੈਪਟਨ ਸਰਕਾਰ ਆਪਣੇ ਇਸ ਕਦਮ ਤੋਂ ਪਿੱਛੇ ਹੱਟ ਗਈ ਹੈ। ਹੁਣ ਤਾਂ ਕੈਪਟਨ ਸਰਕਾਰ ਦੀਆਂ ਵਿਰੋਧੀ ਧਿਰਾਂ ਜੋ ਮਸਲੇ ਦਾ ਤੁਰੰਤ ਹੱਲ ਚਾਹੁੰਦੀਆਂ ਸਨ ਉਹ ਵੀ ਥੱਕ ਹਾਰ ਕੇ ਹੰਭ ਗਈਆਂ ਹਨ।

ਕੈਪਟਨ ਸਰਕਾਰ ਦੇ ਮੰਤਰੀਆਂ ਦੇ ਕਹਿਣ ‘ਤੇ ਹੀ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਮੋਰਚਾ ਵਾਪਸ ਲੈ ਲਿਆ ਸੀ ਪਰ ਹੁਣ ਬਰਗਾੜੀ ਮੋਰਚੇ ਦੇ ਪ੍ਰਬੰਧਕ ਵੀ ਪਾਟੋ ਧਾੜ ਵਿੱਚ ਪੈ ਗਏ ਹਨ ਅਤੇ ਠੱਗਿਆ ਮਹਿਸੂਸ ਕਰ ਰਹੇ ਹਨ ।

ਕੈਪਟਨ ਸਰਕਾਰ ਵੱਲੋਂ ਇਸ ਮਸਲੇ ਦੇ ਹੱਲ ਦੀ ਵਰਤੀ ਜਾ ਰਹੀ ਢਿੱਲ ਕੈਪਟਨ ਸਰਕਾਰ ਲਈ ਭਵਿੱਖ ਵਿੱਚ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਧਾਰਮਿਕ ਮਸਲੇ ਵਾਰੇ ਕੀਤਾ ਵਿਸ਼ਵਾਸਘਾਤ ਸਭ ਤੋਂ ਵੱਡਾ ਵਿਸ਼ਵਾਸਘਾਤ ਹੈ।

ਸਰਕਾਰ ਦੀ ਢਿੱਲ ਦਾ ਲਾਹਾ ਅਕਾਲੀ ਦਲ ਵੀ ਲੈ ਸਕਦਾ ਹੈ ਕਿਉਂਕਿ ਕੈਪਟਨ ਸਰਕਾਰ ਤੋਂ ਦੁੱਖੀ ਅਤੇ ਅੱਕੇ ਲੋਕ ਮੁੜ ਅਕਾਲੀ ਦਲ ਨੂੰ ਹਾਈੲੇ ਤੋਂ ਕੱਢ ਸਕਦੇ ਹਨ। ਅਕਾਲੀ ਦਲ ਨੂੰ ਨਾ ਚਾਹੁੰਦੇ ਹੋਏ ਵੀ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੇ ਵਿਰੋਧ ਵਜੋਂ ਅਕਾਲੀ ਦਲ ਦੇ ਪੱਖ ਵਿੱਚ ਭੁਗਤ ਸਕਦੇ ਹਨ ।

TAGGED:
Share this Article
Leave a comment