ਰੋਪੜ – ਰੂਪਨਗਰ ‘ਚ ਅੱਜ ਤੇਜ਼ ਮੀਂਹ ਕਾਰਨ ਗਲੀਆਂ ਵਿੱਚ ਖੜ੍ਹੇ ਪਾਣੀ ਵਿੱਚ ਅਚਾਨਕ ਕਰੰਟ ਆ ਗਿਆ। ਜਿਸ ਨੇ ਗਲੀ ਵਿੱਚ ਜਾ ਰਹੇ ਇੱਕ ਨੌਜਵਾਨ ਨੂੰ ਲਪੇਟ ‘ਚ ਲੈ ਲਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਾਹਿਬ ਸਿੰਘ ਉਮਰ 19 ਸਾਲ ਪੁੱਤਰ ਪਰਮਜੀਤ ਸਿੰਘ ਵਾਸੀ ਛੋਟੀ ਹਵੇਲੀ ਰੂਪਨਗਰ ਵਜੋਂ ਹੋਈ ਹੈ।
ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਨੇ 12ਵੀਂ ਦੇ ਪੇਪਰ ਦੇਣੇ ਸੀ ਅਤੇ ਆਪਣੇ ਪਿਤਾ ਦੇ ਨਾਲ ਡੇਅਰੀ ਦੇ ਕੰਮ ਵਿੱਚ ਹੱਥ ਵਟਾਉਣ ਤੋਂ ਇਲਾਵਾ ਗੱਡੀਆਂ ਦੀ ਰਿਪੇਅਰ ਦਾ ਕੰਮ ਵੀ ਸਿੱਖਦਾ ਸੀ। ਨੌਜਵਾਨ ਜਦੋਂ ਸਵੇਰੇ -ਸਵੇਰੇ ਦੁੱਧ ਪਾਉਣ ਲਈ ਗਿਆ ਸੀ ਤਾਂ ਗਲੀ ਵਿੱਚ ਖੜ੍ਹੇ ਪਾਣੀ ਨਾਲ ਉਸ ਨੂੰ ਕਰੰਟ ਲੱਗ ਗਿਆ ਅਤੇ ਮੌਕੇ ਤੇ ਮੌਤ ਹੋ ਗਈ।
ਜਦੋਂ ਪਾਣੀ ਵਿੱਚ ਡਿੱਗੇ ਨੌਜਵਾਨ ਨੂੰ ਚੁੱਕਣ ਲਈ ਇੱਕ ਦੋਧੀ ਨੇ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਰੰਟ ਦਾ ਝਟਕਾ ਲੱਗਿਆ। ਨੌਜਵਾਨ ਦੀ ਮੌਤ ਦੀਆਂ ਲਾਈਵ ਤਸਵੀਰਾਂ ਸਾਹਮਣੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈਆਂ।
ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਨੌਜਵਾਨ ਦੀ ਮੌਤ ਦਾ ਕਾਰਨ ਨਗਰ ਕੌਂਸਲ ਅਤੇ ਬਿਜਲੀ ਬੋਰਡ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ।