ਕ੍ਰਾਂਤੀਕਾਰੀ ਸ਼ਹੀਦ ਸ਼ਿਵ ਰਾਮ ਰਾਜ ਗੁਰੂ

TeamGlobalPunjab
3 Min Read

-ਅਵਤਾਰ ਸਿੰਘ

ਕ੍ਰਾਂਤੀਕਾਰੀ ਸ਼ਹੀਦ ਰਾਜ ਗੁਰੂ ਦਾ ਪੂਰਾ ਨਾਮ ਸ਼ਿਵ ਰਾਮ ਰਾਜਗੁਰੂ ਸੀ। ਉਸਦੇ ਪਿਤਾ ਹਰੀ ਨਰਾਇਣ ਕੰਮ ਦੀ ਭਾਲ ਵਿੱਚ ਆਪਣੇ ਪਿੰਡ ਚਾਕਣ ਤੋਂ ਜਾ ਕੇ ਪਿੰਡ ਖੇੜਾ (ਪੂਣੇ ਲਾਗੇ) ਜਾ ਵਸਿਆ, ਇਥੇ ਹੀ ਰਾਜਗੁਰੂ ਦਾ ਜਨਮ 24-8-1908 ਨੂੰ ਹੋਇਆ।

ਉਹ ਅਜੇ ਛੇ ਸਾਲ ਦੇ ਸਨ ਜਦ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸਦੀ ਦੇਖ-ਭਾਲ ਵੱਡੇ ਭਰਾ ਨੇ ਕੀਤੀ। ਉਸਨੂੰ ਸਕੂਲ ਦਾਖਲ ਕਰਾਇਆ ਪਰ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਨਾ ਹੋਣ ਕਰਕੇ ਉਹ ਘਰੋਂ ਭੱਜ ਕੇ ਬਨਾਰਸ ਵਿੱਚ ਇਕ ਅਧਿਆਪਕ ਕੋਲ ਚਲੇ ਗਏ।

ਅਧਿਆਪਕ ਪੜ੍ਹਾਉਂਦਾ ਘੱਟ ਤੇ ਜਿਆਦਾ ਨੌਕਰਾਂ ਵਾਲਾ ਕੰਮ ਲੈਂਦਾ ਸੀ। ਪੜ੍ਹਾਈ ਤੋਂ ਬਾਅਦ ਬਨਾਰਸ ਦੇ ਸਕੂਲ ਵਿਚ ਹੀ ਪੀ ਟੀ ਆਈ ਅਧਿਆਪਕ ਲੱਗ ਗਿਆ। ਇਸੇ ਦੌਰਾਨ ਕ੍ਰਾਂਤੀਕਾਰੀ ਸ਼ਿਵ ਵਰਮਾ ਨਾਲ ਸੰਪਰਕ ਹੋਣ ‘ਤੇ ਕ੍ਰਾਂਤੀਕਾਰੀ ਦਲ ਵਿੱਚ ਸ਼ਾਮਲ ਹੋ ਕੇ ਲਾਹੌਰ ਚਲਿਆ ਗਿਆ।

ਉਹ ਭਗਤ ਸਿੰਘ ਦਾ ਪ੍ਰਸੰਸਕ ਤੇ ਦੋਸਤ ਬਣ ਗਿਆ। ਦੋਵੇਂ ਨਿਸ਼ਾਨੇਬਾਜ਼ ਪੱਕੇ ਸਨ। ਸਾਂਡਰਸ ਦੇ ਕਤਲ ਤੋਂ ਬਾਅਦ ਸਾਰੇ ਰਾਜਗੁਰੂ ਦੇ ਨਿਸ਼ਾਨੇ ਦੀ ਤਾਰੀਫ ਕਰ ਰਹੇ ਸਨ ਕਿ ਉਸਨੇ ਢਿੱਡ ਵਿੱਚ ਗੋਲੀ ਮਾਰੀ। “ਨਹੀਂ, ਮੈਂ ਪੁੜਪੜੀ ਵਿੱਚ ਗੋਲੀ ਮਾਰੀ ਸੀ ਪਰ ਪਿਸਤੌਲ ਹੀ ਨਿੰਕਮਾ ਸੀ ਜੋ ਹਿਲ ਗਿਆ।”

ਉਹ ਬਹੁਤ ਹੀ ਸਿੱਧੇ ਸੁਭਾਅ ਦਾ ਪਰ ਮੱਘਦੇ ਜ਼ਜਬੇ ਵਾਲਾ ਕ੍ਰਾਂਤੀਕਾਰੀ ਸੀ। ਰਾਜਗੁਰੂ ਤੇ ਭਗਤ ਸਿੰਘ ਦੁਰਗਾ ਭਾਬੀ ਨਾਲ ਆਗਰਾ ਪੁੱਜ ਗਏ। ਜਦੋਂ ਭਗਤ ਸਿੰਘ ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਲਈ ਨਾਮਜ਼ਦ ਕੀਤਾ ਤਾਂ ਰਾਜਗੁਰੂ ਨੇ ਮੀਟਿੰਗ ਵਿੱਚ ਬਹੁਤ ਜ਼ੋਰ ਲਾਇਆ ਕਿ ਭਗਤ ਸਿੰਘ ਦੀ ਥਾਂ ਮੇਰਾ ਨਾਮ ਸ਼ਾਮਲ ਕੀਤਾ ਜਾਵੇ ਜਾਂ ਉਸਨੂੰ ਭਗਤ ਸਿੰਘ ਦਾ ਸਾਥੀ ਬਣਾ ਕੇ ਨਾਲ ਭੇਜਿਆ ਜਾਵੇ।

ਉਸਦੇ ਸਾਥੀਆਂ ਨੇ ਕਿਹਾ ਕਿ ਉਸਨੂੰ ਅੰਗਰੇਜ਼ੀ ਘੱਟ ਆਉਦੀ ਇਸ ਲਈ ਉਹ ਪਾਰਟੀ ਦਾ ਪੱਖ ਉਥੇ ਚੰਗੀ ਤਰ੍ਹਾਂ ਨਹੀਂ ਰੱਖ ਸਕਦਾ। ਚੰਦਰ ਸ਼ੇਖਰ ਨੂੰ ਕਹਿਣ ਲਗਾ, “ਮੈਨੂੰ ਅੰਗਰੇਜ਼ੀ ਵਿੱਚ ਬਿਆਨ ਤਿਆਰ ਕਰ ਦਿਉ ਮੈਂ ਉਸਨੂੰ ਰਟ ਕੇ ਬੋਲ ਦੇਵਾਂਗਾ, ਆਖਰ ਮੈਂ ਸੰਸਕਿਰਤੀ ਕੌਮਿਟੀ ਨੂੰ ਵੀ ਰਟਾ ਲਾਇਆ ਸੀ।” ਪਰ ਉਸਦੀ ਮੰਗ ਪ੍ਰਵਾਨ ਨਾ ਹੋਈ।

ਬੰਬ ਸੁੱਟਣ ਦੇ ਨਾਲ ਨਾਲ ਲਾਹੌਰ ਸ਼ਾਜਿਸ ਕੇਸ ਵੀ ਕ੍ਰਾਂਤੀਕਾਰੀਆਂ ਖਿਲਾਫ ਚੱਲਿਆ। ਉਨ੍ਹਾਂ ਵਿੱਚੋਂ ਚੰਦਰ ਸ਼ੇਖਰ ਫਰਾਰ ਸਨ। ਅਕਤੂਬਰ 1930 ਨੂੰ ਹੋਏ ਫੈਸਲੇ ਵਿਚ ਭਗਤ ਸਿੰਘ, ਸੁਖਦੇਵ ਦੇ ਨਾਲ ਰਾਜਗੁਰੂ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ। ਰਾਜਗੁਰੂ ਖੁਸ਼ ਸੀ ਕਿਉਂਕਿ ਉਸਦੀ ਭਗਤ ਸਿੰਘ ਨਾਲ ਸ਼ਹੀਦ ਹੋਣ ਦੀ ਸੱਧਰ ਪੂਰੀ ਹੋਣ ਵਾਲੀ ਸੀ।

23 ਮਾਰਚ 1931 ਸ਼ਾਮ ਨੂੰ ਤਿੰਨੇ “ਇਨਕਲਾਬ-ਜਿੰਦਾਬਾਦ” ਦੇ ਨਾਹਰੇ ਲਾਉਂਦੇ ਹੋਏ ਦੇਸ਼ ਲਈ ਫਾਂਸੀ ਦੇ ਤਖਤੇ ‘ਤੇ ਚੜ੍ਹ ਗਏ। ਇਨ੍ਹਾਂ ਆਜ਼ਾਦੀ ਪ੍ਰਵਾਨਿਆਂ ਨੂੰ ਸਲਾਮ।

Share This Article
Leave a Comment