-ਡਾ. ਵਿਨੋਦ ਪੌਲ, ਮੈਂਬਰ (ਸਿਹਤ), ਨੀਤੀ ਆਯੋਗ;
ਪ੍ਰਸ਼ਨ: ਭਾਰਤ ਨੇ 100 ਕਰੋੜ ਟੀਕਾਕਰਣ ’ਚ ਸਫ਼ਲਤਾ ਹਾਸਲ ਕੀਤੀ ਹੈ, ਭਾਰਤ ਲਈ ਇਸ ਦਾ ਕੀ ਮਤਲਬ ਹੈ?
ਉੱਤਰ: ਇਹ ਉਪਲਬਧੀ ਦੇਸ਼ ਲਈ ਇੱਕ ਅਹਿਮ ਮੀਲ ਦਾ ਪੱਥਰ ਸਿੱਧ ਹੋਵੇਗੀ। ਭਾਰਤ ਨੇ ਕੋਵਿਡ–19 ਵਿਰੁੱਧ 16 ਜਨਵਰੀ, 2021 ਨੂੰ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਸੀ, ਅਸੀਂ ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਤੇ ਫ੍ਰੰਟਲਾਈਨ ਵਰਕਰਸ ਨੂੰ ਕੋਵਿਡ–19 ਦੀ ਵੈਕਸੀਨ ਦਿੱਤੀ। ਇਸ ਤੋਂ ਬਾਅਦ ਅਸੀਂ ਵੈਕਸੀਨ ਲਈ ਯੋਗ ਸਾਰੇ ਲੋਕਾਂ ਲਈ ਟੀਕਾਕਰਣ ਦਾ ਘੇਰਾ ਵਧਾ ਦਿੱਤਾ। ਸ਼ੁਰੂਆਤ ’ਚ ਦੇਸ਼ ਭਰ ਵਿੱਚ ਕੇਵਲ ਤਿੰਨ ਹਜ਼ਾਰ ਟੀਕਾਕਰਣ ਕੇਂਦਰ ਸਨ, ਜਦ ਕਿ ਅੱਜ ਇਨ੍ਹਾਂ ਦੀ ਗਿਣਤੀ ਵਧ ਕੇ ਇੱਕ ਲੱਖ ਹੋ ਗਈ ਹੈ। ਜਿਨ੍ਹਾਂ ਦਾ ਨਤੀਜਾ ਇਹ ਹੋਇਆ ਕਿ ਅਸੀਂ ਰੋਜ਼ਾਨਾ 70 ਤੋਂ 80 ਲੱਖ ਲੋਕਾਂ ਨੂੰ ਵੈਕਸੀਨ ਦੇ ਸਕੇ, ਜੋ ਕੁਝ ਕੁਝ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੱਧ ਗਿਣਤੀ ਹੈ। ਬਹੁਤ ਸਾਰੇ ਦੇਸ਼ਾਂ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਭਾਰਤ ਜਿਹੇ ਵਿਸ਼ਾਲ ਆਬਾਦੀ ਵਾਲੇ ਦੇਸ਼ ਵਿੱਚ ਕੇਵਲ ਨੌਂ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਇੰਨੀ ਵੱਡੀ ਗਿਣਤੀ ਵਿੱਚ ਵੈਕਸੀਨ ਦਿੱਤੀ ਜਾ ਸਕੇਗੀ ਅਤੇ ਇਹ ਤਦ ਸੰਭਵ ਹੋ ਸਕਿਆ, ਜਿਸ ਵਿੱਚ ਦੋ ਵੈਕਸੀਨਸ ਭਾਰਤ ਦੀ ਧਰਤੀ ’ਤੇ ਹੀ ਬਣਾਈਆਂ ਗਈਆਂ। ਆਤਮਨਿਰਭਰ ਭਾਰਤ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ।
ਜਾਨਲੇਵਾ ਬਿਮਾਰੀ ਤੋਂ ਸੁਰੱਖਿਆ ਤੋਂ ਇਲਾਵਾ ਇਸ ਸਫ਼ਲਤਾ ਨੇ ਸਾਨੂੰ ਇਹ ਆਤਮਵਿਸ਼ਵਾਸ ਦਿੱਤਾ ਹੈ ਕਿ ਅਸੀਂ ਭਵਿੱਖ ’ਚ ਆਉਣ ਵਾਲੀ ਅਜਿਹੀ ਕਿਸੇ ਵੀ ਚੁਣੌਤੀ ਦਾ ਖ਼ੁਦ ਮੁਕਾਬਲਾ ਕਰ ਸਕਦੇ ਹਾਂ। ਅਸੀਂ ਅੱਗੇ ਦੀ ਗੱਲ ਕਰੀਏ, ਤਾਂ ਅਸੀਂ ਨਾ ਸਿਰਫ਼ ਵਿਸ਼ਵ ਪੱਧਰ ਉੱਤੇ ਮਹਾਮਾਰੀ ਦੇ ਪਾਠਕ੍ਰਮ ਨੂੰ ਬਦਲ ਸਕਦੇ ਹਾਂ, ਬਲਕਿ ਹੋਰ ਬਿਮਾਰੀਆਂ ਲਈ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਖੋਜ ਤੇ ਵਿਕਾਸ ਕਰ ਕੇ ਇਨਕਲਾਬ ਲਿਆ ਸਕਦੇ ਹਾਂ।
ਪ੍ਰਸ਼ਨ: ਸਾਡੀ ਹੁਣ ਤੱਕ ਦੀ ਇਸ ਯਾਤਰਾ ’ਚ ਕਿਹੜੀਆਂ ਚੁਣੌਤੀਆਂ ਸਾਹਮਣੇ ਆਈਆਂ ਤੇ ਸਫ਼ਲਤਾ ਕਿੰਝ ਹਾਸਲ ਹੋਈ?
ਉਤਰ: ਇੱਥੇ ਤੱਕ ਪੁੱਜਣ ਲਈ ਦੇਸ਼ ਨੇ ਨਵੀਂ ਵੈਕਸੀਨ ਦੀ ਸੁਰੱਖਿਆ ਅਤੇ ਉਪਯੋਗਤਾ ਨੂੰ ਲੈ ਕੇ ਲੋਕਾਂ ਦੇ ਖ਼ਦਸ਼ਿਆਂ ਨੂੰ ਖ਼ਤਮ ਕੀਤਾ ਹੈ। ਨੌਂ ਮਹੀਨਿਆਂ ਦੇ ਸਮੇਂ ’ਚ ਇਸ ਗੱਲ ਲਈ ਅਸੀਂ ਸੰਤੁਸ਼ਟ ਹੋ ਗਏ ਹਾਂ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵੀ ਹੈ। ਜਾਣਕਾਰੀ ਦੀ ਘਾਟ ਵਿੱਚ ਵੈਕਸੀਨ ਨੂੰ ਲੈ ਕੇ ਝਿਜਕ, ਭਰਮਾਊ ਅਤੇ ਗ਼ਲਤ ਜਾਣਕਾਰੀਆ ਆਦਿ ਸਾਰੀਆਂ ਗੱਲਾਂ ਤੋਂ ਅਸੀਂ ਅੱਗੇ ਨਿੱਕਲ ਆਏ ਹਾਂ। ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਦੇ ਅਨੁਭਵਾਂ ਦੇ ਅਧਾਰ ’ਤੇ ਵੈਕਸੀਨ ਸਪਲਾਈ ਦੀ ਚੁਣੌਤੀ, ਟਾਂਸਪੋਰਟ, ਸੰਭਾਲ ਜਾਂ ਕੋਲਡ ਚੇਨ ਅਤੇ ਵੈਕਸੀਨ ਸੈਂਟਰ ਤੇ ਹੋਰ ਜ਼ਰੂਰੀ ਸਰੋਤਾਂ, ਸੰਚਾਰ ਆਦਿ ਨੂੰ ਦਰੁਸਤ ਕੀਤਾ ਗਿਆ। ਕੋਵਿਨ ਆਈਟੀ ਪਲੈਟਫਾਰਮ ਦੇ ਲਾਭਾਰਥੀਆਂ ਦੇ ਵੈਕਸੀਨ ਸੈਸ਼ਨ ਅਲਾਟ ਕਰਨ, ਪ੍ਰਮਾਣ–ਪੱਤਰ ਜਾਰੀ ਕਰਨ ਤੇ ਡਾਟਾ ਪ੍ਰਬੰਧ ਵਿੱਚ ਅਹਿਮ ਭੂਮਿਕਾ ਰਹੀ।
ਸਾਡੇ ਵਿਗਿਆਨੀ, ਡਾਕਟਰ, ਉੱਦਮੀ ਤੇ ਕਾਰੋਬਾਰੀ ਖੇਤਰ ਦੇ ਨੇਤਾਵਾਂ ਨੇ ਵੀ ਇਸ ਕੋਸ਼ਿਸ਼ ਵਿੱਚ ਯੋਗਦਾਨ ਪਾਇਆ। ਡੀਬੀਟੀ ਤੇ ਆਈਸੀਐੱਮਆਰ ਦੀਆਂ ਸਾਰੀਆਂ ਪ੍ਰਯੋਗਸ਼ਾਲਾਵਾਂ ਨੇ ਦਿਨ-ਰਾਤ ਕੰਮ ਕੀਤਾ। ਪਰ ਸਹੀ ਅਰਥਾਂ ’ਚ 100 ਕਰੋੜ ਟੀਕਾਕਰਣ ਦੀ ਸਫ਼ਲਤਾ ਉਨ੍ਹਾ ਸਾਰੇ ਸਿਹਤ ਕਰਮਚਾਰੀਆਂ ਕਰਕੇ ਸੰਭਵ ਹੋਈ, ਜਿਨ੍ਹਾਂ ਨੇ ਜ਼ਮੀਨੀ ਪੱਧਰ ਉੱਤੇ ਭਾਈਚਾਰਿਆਂ ਨਾਲ ਮਿਲ ਕੇ ਕੰਮ ਕੀਤਾ। ਸਿਹਤ ਕਰਮਚਾਰੀਆਂ ਨੇ ਜ਼ਮੀਨੀ ਪੱਧਰ ਉੱਤੇ ਲੋਕਾਂ ਨੂੰ ਟੀਕਾਕਰਣ ਕੇਂਦਰ ਤੱਕ ਲਿਆਉਣ ਲਈ ਕਈ ਤਰ੍ਹਾਂ ਦੀਆਂ ਸਮਾਜਕ ਤੇ ਭੂਗੋਲਿਕ ਚੁਣੌਤੀਆਂ ਦਾ ਸਾਹਮਣਾ ਕੀਤਾ। 100 ਕਰੋੜ ਟੀਕਾਕਰਣ ਸਾਡੀ ਜਨਤਕ ਸਿਹਤ ਪ੍ਰਣਾਲੀ ਦੀ ਪਹੁੰਚ ਤੇ ਉਪਲਬਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
ਪ੍ਰਸ਼ਨ: ਸਰਕਾਰ ਨੇ ਟੀਕਿਆਂ ਦੀ ਖੋਜ ਤੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ, ਸਮਰਥਨ ਦੇਣ ਤੇ ਉਤਸ਼ਾਹਿਤ ਕਰਨ ਲਈ ਕੀ ਕੀਤਾ?
ਉੱਤਰ: ਇੱਕ ਅਜਿਹਾ ਦੇਸ਼, ਜਿਸ ਨੂੰ ਪੂਰੀ ਦੁਨੀਆ ’ਚ ਦੋ–ਤਿਹਾਈ ਬੱਚਿਆਂ ਦੀ ਵੈਕਸੀਨ ਉਪਲਬਧ ਕਰਵਾਉਣ ਲਈ ਦੁਨੀਆ ਦੀ ਫਾਰਮੇਸੀ ਦੇ ਨਾਮ ਨਾਲ ਜਾਣਿਆ ਜਾਂਦਾ ਹੋਵੇ, ਉਸ ਨੂੰ ਕੋਵਿਡ–19 ਵੈਕਸੀਨ ਦੇ ਵਿਕਾਸ ਤੇ ਨਿਰਮਾਣ ਦੀ ਚੁਣੌਤੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁਰੁ ਤੋਂ ਹੀ ਇਸ ਯਾਤਰਾ ਵਿੱਚ ਅਸ਼ੀਰਵਾਦ ਦਿੱਤਾ ਤੇ ਮਾਰਗਦਰਸ਼ਨ ਕੀਤਾ। ਇਸ ਲਈ ਸਰਕਾਰ ਨੇ ਅਪ੍ਰੈਲ 2020 ਦੀ ਸ਼ੁਰੂਆਤ ’ਚ ਹੀ ਇੱਕ ਟਾਸਕ–ਫੋਰਸ ਦੀ ਸਥਾਪਨਾ ਕੀਤੀ, ਜਿਸ ਨਾਲ ਸਰਕਾਰ ਨੇ ਖੋਜ ਸੰਗਠਨਾਂ, ਉਦਯੋਗਾਂ ’ਚ ਖੋਜ ਤੇ ਵਿਕਾਸ ਦੀ ਪਹਿਲ ਦੀ ਦੇਖਰੇਖ ਸਮਰਥਨ, ਪ੍ਰੋਤਸਾਹਨ ਤੇ ਨਿਗਰਾਨੀ ਕੀਤੀ ਗਈ।
ਵੈਕਸੀਨ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਗਈ ਤੇ ਉਨ੍ਹਾਂ ਨੂੰ ਖੋਜ ਤੇ ਵਿਕਾਸ ਲਈ ਸਹਿਯੋਗ ਦਿੱਤਾ ਗਿਆ।
ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਆਈਸੀਐੱਮਆਰ (ਭਾਰਤੀ ਮੈਡੀਕਲ ਖੋਜ ਪਰਿਸ਼ਦ) ਨੇ ਉਦਯੋਗਾਂ ਅਤੇ ਖੋਜ ਸਮੂਹਾਂ ਲਈ ਆਪਣੀ ਲੈਬੋਰੇਟਰੀ ਨੂੰ ਖੋਲ੍ਹ ਦਿੱਤਾ। ਆਈਸੀਐੱਮਆਰ ਨੇ ਕੋਵੈਕਸੀਨ ਦੇ ਨਿਰਮਾਣ ਲਈ ਉਦਯੋਗਾਂ ਨੂੰ ਵੈਕਸੀਨ ਵਾਇਰਸ ਸਟ੍ਰੇਨ ਉਪਲਬਧ ਕਰਵਾਇਆ। ਡੀਬੀਟੀ ਨੇ ਵੈਕਸੀਨ ਪ੍ਰੀਖਣ ਲਈ 18 ਵੈਕਸੀਨ ਟ੍ਰਾਇਲ ਸਾਈਟ ਪ੍ਰਦਾਨ ਕੀਤੇ। ਸਰਕਾਰ ਨੇ ਬਹੁ–ਆਯਾਮੀ ਖੋਜ ਤੇ ਵਿਕਾਸ ਕੋਸ਼ਿਸ਼ਾਂ ਵਿੱਚ ਸਹਿਯੋਗ ਦੇਣ ਲਈ 900 ਕਰੋੜ ਰੁਪਏ ਦਾ ਕੋਵਿਡ ਸੁਰੱਖਿਆ ਮਿਸ਼ਨ ਸ਼ੁਰੂ ਕੀਤਾ। ਘੱਟ ਤੋਂ ਘੱਟ ਅੱਠ ਸੰਸਥਾਵਾਂ ਨੂੰ ਵੱਡੀਆਂ ਗ੍ਰਾਂਟਸ ਮਿਲੀਆਂ। ਸਰਕਾਰ ਵੈਕਸੀਨ ਵਿਕਾਸ ਦੀ ਪ੍ਰਤੀਬੱਧਤਾ ਅਧੀਨ ਇੱਕ ਹੋਰ ਵੈਕਸੀਨ ਲਈ ਅਗਾਊਂ ਭੁਗਤਾਨ ਵੀ ਕਰ ਚੁੱਕੀ ਹੈ। ਵੈਕਸੀਨ ਲਾਗੂਕਰਣ ਲਈ ਗਠਤ ‘ਨੈਸ਼ਨਲ ਐਕਸਪਰਟ ਗਰੁੱਪ ਆਵ੍ ਵੈਕਸੀਨ ਇੰਪਲੀਮੈਂਟੇਸ਼ਨ’ (ਨੈਗਵੈਕ) ਨੇ ਟੀਕਾਕਰਣ ਪ੍ਰੋਗਰਾਮ ਲਈ ਗਾਈਡਲਾਈਨਸ ਉਪਲਬਧ ਕਰਵਾਈਆਂ। ਸਰਕਾਰ ਵੈਕਸੀਨ ਨਿਰਮਾਤਾਵਾਂ ਦੇ ਸਮੂਹਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ, ਟੀਕਾਕਰਣ ਲਈ ਰੈਗੂਲੇਟਰੀ ਕਦਮਾਂ ਨੂੰ ਵਿਵਸਥਿਤ ਕੀਤਾ ਗਿਆ ਤੇ ਸਾਰੀਆਂ ਸੁਵਿਧਾਵਾਂ ਯਕੀਨੀ ਬਣਾਈਆਂ ਗਈਆਂ। ਅੱਜ ਭਾਰਤ ’ਚ ਬਣੀ ਕੋਵੀਸ਼ੀਲਡ (ਸੀਰਮ) ਅਤੇ ਕੋਵੈਕਸੀਨ (ਭਾਰਤ ਬਾਇਓਟੈੱਕ) ਹੁਣ ਤੱਕ ਦੇ ਟੀਕਾਕਰਣ ਪ੍ਰੋਗਰਾਮ ਦਾ ਮੁੱਖ ਅਧਾਰ ਰਹੀਆਂ ਹਨ। ਪਰ ਸਾਡੇ ਉਦਯੋਗਾਂ ਨੇ ਅਗਲੇ ਕੁਝ ਮਹੀਨਿਆਂ ’ਚ ਚਾਰ ਹੋਰ ਵੈਕਸੀਨ ਨਿਰਮਾਤਾਵਾਂ ਨਾਲ ਭਾਈਵਾਲੀ ਕੀਤੀ, ਜਿਸ ਵਿੱਚ ਇੱਕ ਡੀਐੱਨਏ ਅਧਾਰਿਤ ਵੈਕਸੀਨ (ਜ਼ਾਇਡਸ, ਜਿਸ ਨੂੰ ਪਹਿਲਾਂ ਹੀ ਲਾਇਸੈਂਸ ਦਿੱਤਾ ਜਾ ਚੁੱਕਾ ਹੈ) ਇੱਕ ਐੱਮਆਰਐੱਨਏ ਅਧਾਰਿਤ ਵੈਕਸੀਨ (ਜੈਨੋਵੈਕਸ) ਇੱਕ ਪ੍ਰੋਟੀਨ ਸਬ–ਯੂਨਿਟ ਵੈਕਸੀਨ (ਬਾਇਓ ਈ) ਅਤੇ ਭਾਰਤ ਬਾਇਓਟੈੱਕ ਦੀ ਇੰਟ੍ਰਾਨੇਜ਼ਲ ਵੈਕਟਰ ਵੈਕਸੀਨ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਨੇ ਤਿੰਨ ਵਿਦੇਸ਼ ’ਚ ਵਿਕਸਿਤ ਵੈਕਸੀਨ ਸਪੂਤਨਿਕ ਲਾਈਟ, ਨੋਵਾਵੈਕਸ ਤੇ ਜੌਨਸਨ ਐਂਡ ਜੌਨਸਨ ਨਾਲ ਵੀ ਤਕਨੀਕੀ ਟ੍ਰਾਂਸਫ਼ਰ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਕੁੱਲ ਮਿਲਾ ਕੇ ਭਾਰਤ ਦੀ ਝੋਲੀ ’ਚ ਦੇਸ਼ ਵਿੱਚ ਹੀ ਨਿਰਮਾਣ ਕੀਤੀਆਂ ਜਾਣ ਵਾਲੀਆਂ ਨੌਂ ਵੈਕਸੀਨਸ ਹਨ, ਅਤੇ ਕਿਸ ਦੇਸ਼ ਕੋਲ ਇੰਨੀ ਵੱਧ ਗਿਣਤੀ ਵਿੱਚ ਵੈਕਸੀਨ ਦੇ ਪ੍ਰੋਫ਼ਾਈਲ ਹਨ? ਇਹ ਸਭ ਸਾਡੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ਵ ਪੱਧਰ ਉੱਤੇ ਵੈਕਸੀਨ ਦੀ ਜ਼ਰੂਰਤ ਨੂੰ ਵੀ ਪੂਰਾ ਕਰਨਗੀਆਂ।
ਪ੍ਰਸ਼ਨ: ਇਸ ਪੱਧਰ ਦੇ ਟੀਕਾਕਰਣ ਦਾ ਲੋਕਾਂ ਉੱਤੇ ਕੀ ਪ੍ਰਭਾਵ ਪਿਆ? ਕੀ ਉਨ੍ਹਾਂ ਨੂੰ ਹੁਣ ਵੀ ਸਾਵਧਾਨੀਆਂ ਜਾਰੀ ਰੱਖਣ ਦੀ ਜ਼ਰੂਰਤ ਹੈ?
ਉੱਤਰ: ਸਾਡੇ ਵਿਸ਼ਾਲ ਦੇਸ਼ ਦੀ ਤਿੰਨ–ਚੌਥਾਈ ਨੌਜਵਾਨ ਆਬਾਦੀ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਉਨ੍ਹਾਂ ਨੂੰ ਕੋਰੋਨਾ ਦੇ ਸੰਕ੍ਰਮਣ ਦਾ ਰੱਖਿਆ ਕਵਚ ਜਾਂ ਰੱਖਿਆ ਢਾਲ਼ ਮਿਲ ਚੁੱਕੀ ਹੈ। ਇਹ ਸਭ ਵੱਡੇ ਪੱਧਰ ਉੱਤੇ ਕੋਵਿਡ–19 ਕਾਰਨ ਹੋਣ ਵਾਲੇ ਗੰਭੀਰ ਸੰਕ੍ਰਮਣ ਤੇ ਮੌਤ–ਦਰ ਤੋਂ ਸੁਰੱਖਿਅਤ ਹਨ। ਇਹ ਉਨ੍ਹਾਂ ਨੂੰ ਇੱਕ ਆਮ ਜੀਵਨ (ਨਿਊ ਨੌਰਮਲ) ਜਿਉਣ ਦੇ ਸਮਰੱਥ ਬਣਾਉਂਦਾ ਹੈ। ਪਰ ਇਹ ਸਭ ਦੂਜਿਆਂ ਦੇ ਸੰਪਰਕ ਦੇ ਮਾਧਿਅਮ ਨਾਲ ਸੰਕ੍ਰਮਣ ਤੋਂ ਗ੍ਰਸਤ ਕਰ ਸਕਦੇ ਹਨ। ਇਸ ਲਈ ਜਿਹੜੇ ਲੋਕਾਂ ਨੇ ਕੋਵਿਡ–19 ਦੀ ਵੈਕਸੀਨ ਲਈ ਹੈ, ਉਨ੍ਹਾਂ ਨੂੰ ਵੀ ਬਚਾਅ ਦੇ ਸਾਰੇ ਉਪਾਅ ਅਪਣਾਉਣੇ ਜ਼ਰੂਰੀ ਹਨ। ਅਸੀਂ ਸਭਨਾਂ ਨੂੰ ਜ਼ਰੂਰੀ ਤੌਰ ਉੱਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ, ਸਾਨੂੰ ਭੀੜ ਤੋਂ ਅਤੇ ਘਰਾਂ ’ਚ ਵੀ ਲੋਕਾਂ ਦੇ ਵੱਧ ਨੇੜੇ ਆਉਣ ਤੋਂ ਬਚਣਾ ਚਾਹੀਦਾ ਹੈ। ਤਿਉਹਾਰ ਦੇ ਸਮੇਂ ਸਾਨੂੰ ਦੁੱਗਣੀ ਸੁਰੱਖਿਆ ਅਪਣਾਉਣੀ ਹੋਵੇਗੀ। ਕਿਉਂ ਨਾ ਅਸੀਂ ਘਰ ’ਚ ਹੀ ਰਹਿ ਕੇ ਆਪਣਿਆਂ ਨਾਲ ਸੁਰੱਖਿਅਤ ਤਿਉਹਾਰ ਮਨਾਈਏ, ਪੂਜਾ ਪੰਡਾਲ ਤੇ ਬਜ਼ਾਰਾਂ ਦੀ ਭੀੜ ’ਚ ਜਾਣ ਤੋਂ ਬਚੀਏ। ਤਿਉਹਾਰ ਦਾ ਮੌਸਮ ਹਰ ਸਾਲ ਆਵੇਗਾ ਪਰ ਜੇ ਅਸੀਂ ਸਾਵਧਾਨੀ ਨਾਲ ਤੇ ਸਾਧਾਰਣ ਢੰਗ ਨਾਲ ਤਿਉਹਾਰ ਮਨਾਉਂਦੇ ਹਾਂ ਤਾਂ ਮਹਾਮਾਰੀ ਨੂੰ ਵਧਣ ਤੋਂ ਰੋਕ ਸਕਦੇ ਹਾਂ। ਅਗਲੇ ਤਿੰਨ ਮਹੀਨਿਆਂ ’ਚ ਅਸੀਂ ਟੀਕਾਕਰਣ ਦਾ ਇੱਕ ਉਚੇਰਾ ਟੀਚਾ ਹਾਸਲ ਕਰਨਾ ਹੈ, ਨਾਲ ਹੀ ਜ਼ਿੰਮੇਵਾਰ ਸਮੂਹਿਕ ਸੰਜਮ ਤੇ ਆਚਰਣ ਰਾਹੀਂ ਅਗਲੇ ਕਿਸੇ ਵੀ ਕਹਿਰ ਨੂੰ ਰੋਕਣਾ ਵੀ ਹੈ।
ਪ੍ਰਸ਼ਨ: ਇਸ ਪੱਧਰ ਉੱਤੇ ਸਾਡੀਆਂ ਹੋਰ ਚਿੰਤਾਵਾਂ ਕੀ ਹਨ?
ਉੱਤਰ: ਭਾਰਤ ਇਸ ਵੇਲੇ ਇੱਕ ਨਾਜ਼ੁਕ ਦੌਰ ’ਚੋਂ ਲੰਘ ਰਿਹਾ ਹੈ, ਅਗਲੇ ਤਿੰਨ ਮਹੀਨੇ ਬਹੁਤ ਚੁਣੌਤੀਪੂਰਨ ਹਨ। ਸਾਨੂੰ ਦੋਵੇਂ ਡੋਜ਼ ਦੇ ਟੀਕਾਕਰਣ ਕਵਰੇਜ ਨਾਲ ਇੱਕ ਮੁਕੰਮਲ ਟੀਕਾਕਰਣ ਦੀ ਸਥਿਤੀ ਨੂੰ ਹਾਸਲ ਕਰਨਾ ਹੈ। ਸਾਨੂੰ ਚੌਕਸੀ ਬਣਾ ਕੇ ਰੱਖਣ ਦੇ ਨਾਲ ਹੀ ਨਵੇਂ ਵੇਰੀਐਂਟ ਉੱਤੇ ਵੀ ਨਜ਼ਰ ਰੱਖਣੀ ਹੈ। ਕਿਉਂਕਿ ਨਵੇਂ ਵੇਰੀਐਂਟ ਦੀ ਉਤਪਤੀ ਜਾਂ ਵੇਰੀਐਂਟ ਆਫ ਕਨਸਰਨ ਪੂਰੀ ਤਰ੍ਹਾਂ ਅਣਕਿਆਸਾ ਹੁੰਦਾ ਹੈ। ਕਿਸੇ ਵੀ ਦੇਸ਼ ’ਚ ਘਤਕ ਨਵੇਂ ਵੇਰੀਐਂਟ ਦਾ ਮਿਲਣਾ ਸਭ ਲਈ ਖ਼ਤਰਾ ਹੈ ਅਤੇ ਇਹੋ ਸਭ ਤੋਂ ਵੱਡੀ ਚਿੰਤਾ ਤੇ ਅਣਪਛਾਤਾ ਡਰ ਹੈ। ਸਾਡੀ ਨਿਗਰਾਨੀ ਪ੍ਰਣਾਲੀ ਦੀ ਟੀਮ ਨੂੰ ਨਵੇਂ ਵੇਰੀਐਂਟ ਉੱਤੇ ਸਖ਼ਤ ਨਜ਼ਰ ਰੱਖਣੀ ਹੋਵੇਗੀ ਤੇ ਵੈਕਸੀਨ ’ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਈ ਸਾਡੇ ਵੈਕਸੀਨ ਵਿਗਿਆਨਕ ਤੇ ਉਦਯੋਗਾਂ ਨੂੰ ਤਿਆਰ ਰਹਿਣਾ ਹੋਵੇਗਾ।**