ਸੁੱਚਾ ਸਿੰਘ ਲੰਗਾਹ ਨੂੰ ਪੰਥ ‘ਚ ਮੁੜ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਹੋਈ ਵਿਸ਼ਾਲ ਰੈਲੀ ‘ਚ ਕੀਤਾ ਗਿਆ ਮਤਾ ਪਾਸ

TeamGlobalPunjab
3 Min Read

ਕਲਾਨੌਰ : ਕਲਾਨੌਰ ਵਿਖੇ ਹੋਈ ਵਿਸ਼ਾਲ ਰੈਲੀ ‘ਚ ਸ਼ਾਮਲ ਲੋਕਾਂ ਵਲੋਂ ਇੱਕ ਮਤਾ ਪੇਸ਼ ਕੀਤਾ ਗਿਆ ਜਿਸ ‘ਚ ਸੁੱਚਾ ਸਿੰਘ ਲੰਗਾਹ ਨੂੰ ਪੰਥ ’ਚ ਮੁੜ ਸ਼ਾਮਿਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ। ਇਸ ਮਤੇ ਨੂੰ ਰੈਲੀ ‘ਚ ਸ਼ਾਮਲ ਵੱਡੀ ਗਿਣਤੀ ‘ਚ ਸ਼ਾਮਲ ਲੋਕਾਂ ਵਲੋਂ ਜੈਕਾਰਿਆਂ ਦੀ ਗੂੰਜ ਨਾਲ ਮਨਜ਼ੂਰੀ ਦਿੱਤੀ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਕੀਤੀ ਜਾ ਰਹੀ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਰੈਲੀ ਦੌਰਾਨ ਬਾਬਾ ਹਰਭਿੰਦਰ ਸਿੰਘ ਟਾਹਲੀ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਪੰਥ ’ਚ ਮੁੜ ਸ਼ਾਮਲ ਕਰਨ ਬਾਰੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਬੇਨਤੀ ਭਰਿਆ ਇੱਕ ਮਤਾ ਰੱਖਿਆ।

ਮਤੇ ‘ਚ ਸੰਗਤ ਵੱਲੋਂ ਕਿਹਾ ਗਿਆ ਕਿ ਸੁੱਚਾ ਸਿੰਘ ਲੰਗਾਹ ਜਿਸ ਨੇ ਧਾਰਮਿਕ ਕੁਰਹਿਤ ਪ੍ਰਤੀ ਸਿੱਖ ਰਹਿਤ ਮਰ‌ਯਾਦਾ ਅਨੁਸਾਰ ਪੰਜ ਪਿਆਰੇ ਸਾਹਿਬਾਨ ਕੋਲ ਵਿਧੀਵਤ ਪੇਸ਼ ਹੋ ਕੇ, ਖਿਮਾ ਯਾਚਨਾ ਕਰਦਿਆਂ ਮੁੜ ਅੰਮ੍ਰਿਤਪਾਨ ਕਰ ਚੁੱਕਿਆ ਹੈ। ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਕ ਨਿਮਾਣੇ ਸਿੱਖ ਵਜੋਂ ਪੰਥ ’ਚ ਵਾਪਸੀ ਲਈ ਅਨੇਕਾਂ ਵਾਰ ਬੇਨਤੀਆਂ ਕੀਤੀਆਂ ਹਨ। ਸੁੱਚਾ ਸਿੰਘ ਲੰਗਾਹ ਸਮੂਹ ਪਰਿਵਾਰ ਸਮੇਤ ਭੁੱਲ ਬਖ਼ਸ਼ਾਉਣ ਅਤੇ ਪੰਥ ’ਚ ਵਾਪਸੀ ਲਈ ਇਕ ਨਿਮਾਣੇ ਸਿੱਖ ਵਜੋਂ ਪਿਛਲੇ 4 ਮਹੀਨਿਆਂ ਤੋਂ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਨਾਗਤ ਹੋ ਰਿਹਾ ਹੈ। ਮਨੁੱਖ ਭੁੱਲਣਹਾਰ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਸਾਹਿਬਾਨ ਦਾ ਬਖ਼ਸ਼ਿੰਦ ਦਰ ਹੈ। ਇਸ ਮਹਾਨ ਸੰਕਲਪ ਨੂੰ ਆਪ ਜੀ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੈਸੀਅਤ ’ਚ ਕਈ ਵਾਰ ਦੁਹਰਾ ਚੁੱਕੇ ਹਨ।

ਇਸ ਤੋਂ ਇਲਾਵਾ ਮਤੇ ‘ਚ ਕਿਹਾ ਗਿਆ ਕਿ ਸੰਗਤ ਦਾ ਇਹ ਇਕੱਠ ਸੁੱਚਾ ਸਿੰਘ ਲੰਗਾਹ ਨੂੰ ਗੁਰ ਮਰਯਾਦਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਦਿਆਂ ਸਿੱਖ ਰਹਿਤ ਮਰਯਾਦਾ ਅਨੁਸਾਰ ਬਣਦੀ ਸਜਾ ਲਗਾ ਕੇ ਪੰਥ ’ਚ ਮੁੜ ਸ਼ਾਮਿਲ ਕਰਨ ਦੀ ਅਪੀਲ ਕਰਦਾ ਹੈ।

ਵੱਖ-ਵੱਖ ਬੁਲਾਰਿਆਂ ਨੇ ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ ਮਾਤਾ ਪਿਤਾ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਪੁੱਤਰ ਨੂੰ ਮੁਆਫ਼ ਕਰਨ ਕੀਤੀ ਗਈ ਫ਼ਰਿਆਦ ਦੀ ਪਰੋੜ੍ਹਤਾ ਕੀਤੀ ਅਤੇ ਜ਼ਿੰਦਗੀ ਦੇ ਆਖ਼ਰੀ ਪੜਾਅ ਨੂੰ ਹੰਢਾਅ ਰਹੇ ਬਜ਼ੁਰਗ ਮਾਤਾ-ਪਿਤਾ ਦੀਆਂ ਭਾਵਨਾਵਾਂ ਤੇ ਤਰਲਿਆਂ ਨੂੰ ਕਬੂਲ ਕਰਨ ਦੀ ਜਥੇਦਾਰ ਸਾਹਿਬ ਨੂੰ ਅਪੀਲਾਂ ਕੀਤੀਆਂ।

ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੱਚਾ ਸਿੰਘ ਲੰਗਾਹ ਦੇ ਮਾਮਲੇ ’ਤੇ ਕਿਸੇ ਵੀ ਸਿਆਸੀ ਦਬਾਅ ’ਚ ਨਾ ਆਉਣ ਅਤੇ ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਪਰੰਪਰਾਵਾਂ ਨੂੰ ਬਹਾਲ ਰੱਖਣ ਦੀ ਅਪੀਲ ਕੀਤੀ।

Share This Article
Leave a Comment