ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਪੰਜਾਬੀ ਵਿਦਵਾਨਾਂ ਨੇ ਇਹ ਮੰਗ ਜ਼ੋਰਦਾਰ ਢੰਗ ਨਾਲ ਉਭਾਰੀ ਕਿ ਪੰਜਾਬ ਵਿੱਚ ਸਿਆਸਤ ਮੁੱਦਿਆਂ ਦੁਆਲੇ ਘੁੰਮਣੀ ਚਾਹੀਦੀ ਹੈ। ਪੰਜਾਬ ਦੀ ਸਿਆਸਤ ਨੀਤੀਗਤ ਹੋਵੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨਾਲ ਇਹ ਵਾਅਦਾ ਕਰਨ ਕਿ ਪੰਜਾਬ ਨੂੰ ਵਿਕਾਸ ਵੱਲ ਲਿਜਾਣ ਵਾਸਤੇ ਉਹ ਆਪਣੀਆਂ ਨੀਤੀਆਂ ਲਾਗੂ ਕਰਨਗੀਆਂ।
ਪੰਜਾਬ ਵਿਕਾਸ ਮੰਚ ਨਾਲ ਸਬੰਧਤ ਵਿਦਵਾਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਲਾਰਿਆਂ ਅਤੇ ਵਾਅਦਿਆਂ ਤੋਂ ਅੱਕ ਚੁੱਕੇ ਹਨ, ਜਿਸ ਕਾਰਨ ਉਹ ਪੰਜਾਬ ਦੇ ਮਸਲਿਆਂ ਦਾ ਠੋਸ ਹੱਲ ਚਾਹੁੰਦੇ ਹਨ।
ਪੰਜਾਬ ਵਿਚਾਰ ਮੰਚ ਦੇ ਆਗੂ ਡਾ.ਪਿਆਰਾ ਲਾਲ ਗਰਗ, ਪ੍ਰੋ.ਮਨਜੀਤ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਸਿਆਸਤ ਨਾ ਤਾਂ ਕਿਸੇ ਲੀਡਰ ਦੁਆਲੇ ਘੁੰਮੇ ਅਤੇ ਨਾ ਹੀ ਵਾਅਦਿਆਂ ਅਤੇ ਲਾਰਿਆਂ ਵਾਲੀ ਹੋ ਹੋਵੇ। ਸਗੋਂ ਸਿਆਸਤ ਨੀਤੀਗਤ ਅਤੇ ਮੁੱਦਿਆਂ ਆਧਾਰਿਤ ਹੋਵੇ । ਇਸ ਗੱਲ ਨੂੰ ਲੋਕਾਂ ਵਿੱਚ ਲੈ ਕੇ ਜਾਣ ਲਈ ਉਹ ਵੱਖ ਵੱਖ ਪ੍ਰੋਗਰਾਮ ਉਲੀਕਣਗੇ। ਇਨ੍ਹਾਂ ਵਿਦਵਾਨਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਪਾਰਟੀਆਂ ਲੋਕਾਂ ਨਾਲ ਵਾਅਦੇ ਕਰਕੇ ਵੋਟਾਂ ਤਾਂ ਹਾਸਲ ਕਰ ਲੈਂਦੀਆਂ ਹਨ ਪਰ ਲੋਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ। ਇਸ ਕਾਰਨ ਉਹ ਹੁਣ ਲੋਕਾਂ ‘ਚ ਇਹ ਗੱਲ ਵੀ ਉਭਾਰਨਗੇ ਕੇ ਉਮੀਦਵਾਰਾਂ ਤੋਂ ਵੱਖ ਵੱਖ ਮਸਲਿਆਂ ਸਬੰਧੀ ਨੀਤੀਆਂ ਲਾਗੂ ਕਰਨ ਵਾਸਤੇ ਹਲਫੀਆ ਬਿਆਨ ਲਏ ਜਾਣ। ਇਨ੍ਹਾਂ ਵਿਦਵਾਨਾਂ ਨੇ ਕਿਹਾ ਕਿ ਪੰਜਾਬ ਦੇ ਚੌਤਰਫ਼ਾ ਵਿਕਾਸ ਲਈ ਸੁਹਿਰਦਤਾ ਨਾਲ ਨੀਤੀਆਂ ਬਣਾਉਣ ਦੀ ਲੋਡ਼ ਹੈ ਅਤੇ ਇਹ ਨੀਤੀਆਂ ਲਾਗੂ ਵੀ ਕੀਤੀਆਂ ਜਾਣ।