ਟੋਰਾਂਟੋ/ਸ੍ਰੀ ਮੁਕਤਸਰ ਸਾਹਿਬ: ਕੈਨੇਡਾ ‘ਚ ਸਟਡੀ ਵੀਜ਼ਾ ‘ਤੇ ਗਏ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਮੌਤ ਹੋ ਗਈ। ਜਿਵੇਂ ਹੀ ਇਸ ਦੀ ਜਾਣਕਾਰੀ ਪਿੰਡ ਪਹੁੰਚੀ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਨੌਜਵਾਨ ਦਵਿੰਦਰ ਸਿੰਘ ਸੰਧੂ ਮੁਕਤਸਰ ਸਾਹਿਬ ਦੇ ਪਿੰਡ ਸਦਰ ਵਾਲਾ ਦਾ ਵਸਨੀਕ ਸੀ। ਦਵਿੰਦਰ ਸਿੰਘ ਪੜ੍ਹਾਈ ਦੇ ਲਈ ਢਾਈ ਸਾਲ ਪਹਿਲਾਂ ਕੈਨੇਡਾ ਗਿਆ ਸੀ।
ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿੱਚ ਲਾਕਡਾਊਨ ਲੱਗ ਗਿਆ ਸੀ। ਜਿਸ ਕਾਰਨ ਦਵਿੰਦਰ ਸਿੰਘ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਿਆ। ਕੁਝ ਦਿਨ ਪਹਿਲਾਂ ਉਸ ਨੂੰ ਹਸਪਤਾਲ ਭਰਤੀ ਵੀ ਕਰਵਾਇਆ ਗਿਆ ਸੀ, ਪਰ ਉਹ ਮਾਨਸਿਕ ਤੌਰ ‘ਤੇ ਇੰਨਾ ਬਿਮਾਰ ਸੀ ਕਿ ਉਸ ਦੀ ਮੌਤ ਹੋ ਗਈ। ਜਿਵੇਂ ਹੀ ਪਿੰਡ ਵਿੱਚ ਪਰਿਵਾਰ ਨੂੰ ਦਵਿੰਦਰ ਸਿੰਘ ਦੀ ਮੌਤ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਪਰਿਵਾਰ ਵਾਲਿਆਂ ਨੇ ਆਪਣੇ ਪੁੱਤ ਦੀ ਮੌਤ ‘ਤੇ ਖਦਸ਼ਾ ਜਾਹਿਰ ਕੀਤਾ ਹੈ।
ਪਰਿਵਾਰ ਮੁਤਾਬਕ ਉਹਨਾਂ ਨੇ ਜ਼ਮੀਨ ਵੇਚ ਕੇ ਆਪਣੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਸ ਦਾ ਭਵਿੱਖ ਚੰਗਾ ਬਣ ਸਕੇ। ਇਸ ਦੌਰਾਨ ਦਵਿੰਦਰ ਸਿੰਘ ਬਿਮਾਰ ਰਹਿਣ ਲੱਗ ਪਿਆ ਸੀ। ਇਸ ਬਾਬਤ ਪਰਿਵਾਰ ਨਾਲ ਦਵਿੰਦਰ ਸਿੰਘ ਗੱਲਬਾਤ ਵੀ ਹੁੰਦੀ ਰਹਿੰਦੀ ਸੀ, ਪਰ ਅਚਾਨਕ ਉਹਨਾਂ ਨੂੰ ਦਵਿੰਦਰ ਸਿੰਘ ਦੀ ਮੌਤ ਦੀ ਮਿਲੀ ਖ਼ਬਰ ਨਾਲ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਮੁਤਾਬਕ ਉਹਨਾਂ ਦੇ ਲੜਕੇ ਦਾ ਸਸਕਾਰ ਵੀ ਕੈਨੇਡਾ ‘ਚ ਕਰ ਦਿੱਤਾ ਗਿਆ। ਉਹਨਾਂ ਨੂੰ ਪੁੱਤਰ ਦੇ ਅੰਤਿਮ ਦਰਸ਼ਨ ਵੀ ਨਾ ਹੋ ਸਕੇ। ਦਵਿੰਦਰ ਸਿੰਘ ਦੇ ਸਾਥੀਆਂ ਨੇ ਵੀ ਉਸ ਦਾ ਅੰਮਿਤ ਸਸਕਾਰ ਕਰ ਦਿੱਤਾ।