ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਪ੍ਰੈਲ-ਮਈ 2021 ਦੌਰਾਨ ਸੂਬਾ ਪੱਧਰ ‘ਤੇ ਮਨਾਏ ਜਾਣ ਵਾਲੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਦਾ ਲੋਗੋ ਵਰਚੁਅਲ ਢੰਗ ਨਾਲ ਜਾਰੀ ਕੀਤਾ। ਪਹਿਲਾਂ ਪ੍ਰਸਤਾਵਿਤ ਦੋ ਪੜਾਵਾਂ ਦੇ ਜਸ਼ਨਾਂ ਦੀ ਥਾਂ ਕੋਵਿਡ ਕਰਕੇ ਹੁਣ ਇਹ ਜਸ਼ਨ ਇਕੋ ਪੜਾਅ ਵਿੱਚ ਮਨਾਏ ਜਾਣਗੇ।
ਇਨ੍ਹਾਂ ਜਸ਼ਨਾਂ ਸਬੰਧੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਵੇਖਦੇ ਹੋਏ ‘ਹਿੰਦ ਦੀ ਚਾਦਰ’ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਨੂੰ ‘ਸਰਬ ਧਰਮ’ ਵਰ੍ਹੇ ਵਜੋਂ ਸਮਰਪਿਤ ਕੀਤਾ ਜਾਵੇ। ਵਰਚੁਅਲ ਮੀਟਿੰਗ ਦੌਰਾਨ ਇਹ ਵੀ ਤੈਅ ਕੀਤਾ ਗਿਆ ਕਿ ਮੁੱਖ ਪ੍ਰੋਗਰਾਮ 23 ਅਪ੍ਰੈਲ, 2021 ਨੂੰ ਸ਼ੁਰੂ ਹੋ ਕੇ 1 ਮਈ ਨੂੰ ਸ਼ਾਨਦਾਰ ਢੰਗ ਨਾਲ ਸਮਾਪਤ ਹੋਵੇ। ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ ਗੁਰੂ ਕਾ ਮਹਿਲ ਤੋਂ 23 ਅਪ੍ਰੈਲ ਨੂੰ ਇਕ ਨਗਰ ਕੀਰਤਨ ਸ਼ੁਰੂ ਹੋ ਕੇ ਬਾਬਾ ਬਕਾਲਾ ਵਿਖੇ ਪਹੁੰਚੇਗਾ ਅਤੇ ਜਸ਼ਨਾਂ ਦੀ ਸ਼ੁਰੂਆਤ ਕਰੇਗਾ।
Blessed to release the logo of 400th Prakash Purab Celebrations of ‘Hind Di Chadar’ Sri Guru Teg Bahadur Sahib. The State Government will celebrate this historic occasion in a befitting manner to spread Guru Sahib’s message of religious amity and universal brotherhood. pic.twitter.com/D0FZ8gGbhg
— Capt.Amarinder Singh (@capt_amarinder) December 4, 2020
ਸੈਰ-ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਇਤਿਹਾਸਕ ਮੌਕੇ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦੀ ਤਜਵੀਜ਼ ਤਿਆਰ ਕਰਨ ਦਾ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਨਾਲ ਸਬੰਧਤ ਸੂਬੇ ਦੇ ਸਾਰੇ 103 ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਸਬੰਧ ਵਿੱਚ 80 ਪਿੰਡਾਂ ਵਿੱਚੋਂ ਹਰੇਕ ਨੂੰ 40-50 ਲੱਖ ਰੁਪਏ ਅਤੇ 23 ਸ਼ਹਿਰੀ ਖੇਤਰਾਂ ਨੂੰ ਵਿਕਾਸ ਲਈ ਇਕ ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਇਕ ਰਾਣਾ ਕੇ.ਪੀ. ਸਿੰਘ ਦਾ ਇਹ ਸੁਝਾਅ ਵੀ ਮਨਜ਼ੂਰ ਕਰ ਲਿਆ ਕਿ ਗੁਰੂ ਸਾਹਿਬ ਨਾਲ ਜੁੜੇ ਦੋ ਕਸਬਿਆਂ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਲਈ ਵੱਖਰੇ ਤੌਰ ‘ਤੇ ਵਿਕਾਸ ਪ੍ਰਾਜੈਕਟ ਅਤੇ ਫੰਡ ਦਾ ਉਪਬੰਧ ਕੀਤਾ ਜਾਵੇ।