ਪੰਜਾਬ ਵਿੱਚ ਅੱਜ ਤੋਂ ਰੋਡਵੇਜ਼ ਦੀਆਂ ਬੱਸਾਂ ਦਾ 3 ਦਿਨਾਂ ਤੱਕ ਚੱਕਾ ਜਾਮ ਰਹੇਗਾ। ਜਿਸ ਕਾਰਨ ਪਨਬੱਸ ਦੀਆਂ 1,560 ਬੱਸਾਂ ਤਿੰਨ ਦਿਨਾਂ ਲਈ ਸੜਕਾਂ ਤੋਂ ਲਾਂਭੇ ਹੋ ਗਈਆਂ ਹਨ। ਅਸਲ ‘ਚ ਰੋਡਵੇਜ਼ ਦੇ ਠੇਕਾ ਆਧਾਰਿਤ ਮੁਲਾਜ਼ਮ ਰੈਗੂਲਰ ਕੀਤੇ ਜਾਣ ਤੇ ਤਨਖ਼ਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕਰ ਰਹੇ ਹਨ। ਇਸ ਦੇ ਨਾਲ ਰੋਜ਼ਾਨਾ ਆਉਣ ਜਾਣ ਵਾਲੀਆਂ ਸਵਾਰੀਆਂ ਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਨਬੱਸ ਕੰਟ੍ਰੈਕਚੁਅਲ ਵਰਕਰਜ਼ ਯੂਨੀਅਨ ਦੇ ਸੱਦੇ ਉੱਤੇ ਸਮੁੱਚੇ ਸੂਬੇ ਵਿੱਚ ਇਹ ਹੜਤਾਲ ਕੀਤੀ ਜਾ ਰਹੀ ਹੈ। ਅੱਜ ਪਹਿਲੇ ਦਿਨ ਮੁਲਾਜ਼ਮ ਸਵੇਰੇ 9 ਵਜੇ ਤੋਂ ਸਮੁੱਚੇ ਸੂਬੇ ਦੇ ਬੱਸ ਅੱਡਿਆਂ ਦਾ ਘਿਰਾਓ ਵੀ ਕਰ ਰਹੇ ਹਨ। ਉਨ੍ਹਾਂ ਵੱਲੋਂ ਸੂਬੇ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁਤਲੇ ਵੀ ਫੂਕੇ ਜਾ ਰਹੇ ਹਨ। ਯੂਨੀਅਨ ਦੀ ਸਰਕਾਰ ਤੋਂ ਇਹ ਵੀ ਮੰਗ ਹੈ ਕਿ ਆਊਟਸੋਰਸਿੰਗ ਪ੍ਰਣਾਲੀ ਨੂੰ ਵੀ ਖ਼ਤਮ ਕੀਤਾ ਜਾਵੇ ਤੇ ਨਵੀਂਆਂ ਭਰਤੀਆਂ ਕੰਟਰੈਕਟ ‘ਤੇ ਨਾ ਕੀਤੀਆਂ ਜਾਣ।