ਬਠਿੰਡਾ: ਬਠਿੰਡਾ ਵਿਖੇ ਅੱਜ ਪੰਜਾਬ ਦੀਆਂ ਵੱਖ-ਵੱਖ ਦਸ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਮੋਨਟੇਕ ਆਹਲੂਵਾਲੀਆ ਦੀ ਅਰਥੀ ਫੂਕੀ ਗਈ। ਇਸ ਰੋਸ ਪ੍ਰਦਰਸ਼ਨ ਵਿੱਚ ਭਾਰੀ ਗਿਣਤੀ ਵਿੱਚ ਮਹਿਲਾਵਾਂ ਨੇ ਹਿੱਸਾ ਲੈਂਦੇ ਹੋਏ ਆਪਣੇ ਮੋਢਿਆਂ ਤੇ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਰਥੀ ਚੁੱਕ ਉਸ ਨੂੰ ਅੱਗ ਲਾਈ।
ਪ੍ਰਦਰਸ਼ਨ ਕਰ ਰਹੇ ਵੱਖੋ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਰਥਿਕ ਸੁਧਾਰ ਕਮੇਟੀ ਦੇ ਕਨਵੀਨਰ ਮੋਨਟੇਕ ਸਿੰਘ ਆਹਲੂਵਾਲੀਆ ਵੱਲੋਂ ਜਿਹੜੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਹੈ ਉਹ ਸਾਡੇ ਵਰਗੇ ਮੁਲਾਜ਼ਮਾਂ ਦੇ ਵਿਰੁੱਧ ਹੈ। ਉਸ ਵਿੱਚ ਲਿਖਿਆ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੇ ਬਿਜਲੀ ਬਿੱਲ ਲਾਏ ਜਾਣ ਅਤੇ ਡੀਏ ਦੀ ਕਿਸ਼ਤਾਂ ਬੰਦ ਕਰ ਦਿੱਤੀਆਂ ਜਾਣ ਇਸ ਦੇ ਨਾਲ ਹੀ ਪੇ ਕਮਿਸ਼ਨ ਉੱਪਰ ਕੋਈ ਵੀ ਰਿਪੋਰਟ ਨਾ ਜਾਰੀ ਕੀਤੀ ਜਾਵੇ।
ਇੱਥੋਂ ਤੱਕ ਥਰਮਲ ਪਲਾਂਟ ਬੰਦ ਕਰ ਦਿੱਤੇ ਜਾਣ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਉੱਤੇ 30 ਪ੍ਰਤੀਸ਼ਤ ਕਟੌਤੀ ਕੀਤੀ ਜਾਵੇ ਜਿਸ ਦੇ ਲਈ ਅੱਜ ਅਸੀਂ ਆਹਲੂਵਾਲੀਆ ਦੀ ਅਰਥੀ ਫੂਕ ਪ੍ਰਦਰਸ਼ਨ ਕਰ ਰਹੇ ਹਾਂ ਜੇਕਰ ਅੱਜ ਦੇ ਸਾਡੇ ਇਸ ਪ੍ਰਦਰਸ਼ਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਰਿਪੋਰਟ ਨੂੰ ਖਾਰਜ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ‘ਚ ਪੰਜਾਬ ਭਰ ਵਿੱਚ ਤਿੱਖਾ ਸੰਘਰਸ਼ ਕਰਾਂਗੇ।