ਕੱਚੇ ਜੰਗਲਾਤ ਕਾਮਿਆਂ ਨੂੰ ਪੱਕਾ ਕਰਨ ਸਬੰਧੀ ਤਜਵੀਜ਼ ਮੁੱਖ ਮੰਤਰੀ ਨੂੰ ਭੇਜਾਂਗੇ: ਧਰਮਸੋਤ

TeamGlobalPunjab
2 Min Read

ਚੰਡੀਗੜ੍ਹ: ਜੰਗਲਾਤ ਵਿਭਾਗ ’ਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਤਜਵੀਜ ਬਣਾ ਕੇ ਮੁੱਖ ਮੰਤਰੀ, ਪੰਜਾਬ ਨੂੰ ਭੇਜੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਅੱਜ ਇੱਥੇ ਜੰਗਲਾਤ ਵਰਕਰ ਯੂਨੀਅਨ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਕੀਤਾ।

ਜੰਗਲਾਤ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ’ਚ ਸੇਵਾ ਨਿਭਾ ਰਹੇ ਕੱਚੇ ਕਾਮਿਆਂ ਨੂੰ ਤਰਕਸੰਗਤ ਪ੍ਰਕਿਰਿਆ ਅਪਣਾ ਕੇ ਪੱਕਾ ਕਰਨ ਦੀ ਇੱਕ ਤਜਵੀਜ਼ ਤਿਆਰ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੰਗਲਾਤ ਕਾਮਿਆਂ ਦਾ ਸਮੁੱਚੇ ਰਿਕਾਰਡ ਦੇ ਆਧਾਰ ’ਤੇ ਸੀਨੀਆਰਤਾ ਸੂਚੀ ਬਣਾਉਣ ਦੇ ਹੁਕਮ ਵਿਭਾਗੀ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਹਨ।

ਧਰਮਸੋਤ ਨੇ ਪਲਾਂਟੇਸ਼ਨ ਦੀ ਸਹੀ ਸਫ਼ਲਤਾ ਹਾਸਲ ਕਰਨ ਲਈ ਨਰਸਰੀਆਂ ’ਚ ਥੈਲੀਆਂ ਦੀ ਭਰਾਈ ਅਤੇ ਪਲਾਂਟੇਸ਼ਨ ਲਈ ਟੋਏ ਪੁੱਟਣ ਦਾ ਕੰਮ ਅਗੇਤੇ ਤੌਰ ’ਤੇ ਸ਼ੁਰੂ ਕਰਨ ਲਈ ਵੀ ਕਿਹਾ। ਉਨਾਂ ਕਿਹਾ ਕਿ ਬੂਟੇ ਲਾਉਣ ਅਤੇ ਪਾਲਣ ਦੌਰਾਨ ਪੇਸ਼ੇਵਰਾਨਾ ਢੰਗ ਅਪਣਾਇਆ ਜਾਵੇ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਪੰਜ ਫੁੱਟ ਤੋਂ ਵੱਧ ਲੰਬਾਈ ਦੇ ਬੂਟੇ ਲਾਉਣ ਨੂੰ ਪਹਿਲ ਦਿੱਤੀ ਜਾਵੇ। ਉਨਾਂ ਕਿਹਾ ਕਿ ਬੂਟੇ ਲਾਉਣ ਦੇ ਨਾਲ-ਨਾਲ ਉਨਾਂ ਦੀ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਉਨਾਂ ਵਾਤਾਵਰਣ ਸੰਭਾਲ ਤੇ ਬੂਟੇ ਲਾਉਣ ਵਰਗੇ ਪਵਿੱਤਰ ਕਾਰਜ ਲਈ ਸੂਬੇ ਦੇ ਨਾਗਰਿਕਾਂ ਨੂੰ ਪ੍ਰੇਰਿਤ ਕਰਕੇ ਸ਼ਮੂਲੀਅਤ ਕਰਾਉਣ ’ਤੇ ਵੀ ਜ਼ੋਰ ਦਿੱਤਾ।

ਧਰਮਸੋਤ ਨੇ ਜੰਗਲਾਤ ਅਧਿਕਾਰੀਆਂ ਨੂੰ ਜੰਗਲਾਤ ਕਾਮਿਆਂ ਦੀਆਂ ਬਕਾਇਆ ਅਦਾਇਗੀਆਂ ਤੁਰੰਤ ਜਾਰੀ ਕਰਾਉਣ, ਵਰਦੀਆਂ ਸਬੰਧੀ ਬਕਾਇਆ ਰਾਸ਼ੀ ਜਲਦ ਜਾਰੀ ਕਰਨ ਅਤੇ ਇਸ ਤੋਂ ਇਲਾਵਾ ਸੂਬੇ ਭਰ ’ਚ ਡੇਲੀਵੇਜ਼ ਰੇਟ ਇਕਸਾਰਤਾ ਨਾਲ ਲਾਗੂ ਕਰਵਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨਾਂ ਵਿਭਾਗੀ ਅਧਿਕਾਰੀਆਂ ਨੂੰ ਜੰਗਲਾਤ ਕਾਮਿਆਂ ਨੂੰ ਅਦਾਇਗੀਆਂ ਕਰਨ ਲਈ ਵਿਭਾਗੀ ਪ੍ਰਕਿਰਿਆ ਅਪਣਾਉਣ ਸਬੰਧੀ ਵਫ਼ਦ ਦੀ ਮੰਗ ’ਤੇ ਵਿਚਾਰ ਕਰਨ ਦੇ ਆਦੇਸ਼ ਵੀ ਦਿੱਤੇ।

ਇਸ ਮੀਟਿੰਗ ਵਿੱਚ  ਜਤਿੰਦਰ ਸ਼ਰਮਾ ਪ੍ਰਧਾਨ ਮੁੱਖ ਵਣਪਾਲ, ਅਨੂਪ ਉਪਾਧਿਆਏ ਐਮ.ਡੀ. ਜੰਗਲਾਤ ਕਾਰਪੋਰੇਸ਼ਨ,  ਪ੍ਰਵੀਨ ਕੁਮਾਰ ਵਧੀਕ ਪ੍ਰਧਾਨ ਮੁੱਖ ਵਣਪਾਲ,  ਆਰ. ਕੇ. ਮਿਸ਼ਰਾ ਵਧੀਕ ਪ੍ਰਧਾਨ ਮੁੱਖ ਵਣਪਾਲ ਜੰਗਲੀ ਜੀਵ, ਵਿਸ਼ਾਲ ਚੌਹਾਨ ਵਣਪਾਲ ਸ਼ਿਵਾਲਿਕ ਤੋਂ ਇਲਾਵਾ ਜੰਗਲਾਤ ਵਰਕਰ ਯੂਨੀਅਨ ਦੇ ਨੁਮਾਇੰਦੇ  ਅਮਰੀਕ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ,  ਗੁਰਬਿੰਦਰ ਸਿੰਘ ਅਤੇ  ਸ਼ਿਵ ਕੁਮਾਰ ਆਦਿ ਹਾਜ਼ਰ ਸਨ।

Share This Article
Leave a Comment