ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ‘ਜਾਗੋ ਇੰਟਰਨੈਸ਼ਨਲ’ ਦਾ ਨਵਾਂ ਅੰਕ ਲੋਕ ਅਰਪਣ ਕਰਨ ਲਈ ਇੱਕ ਸਾਹਿਤਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤੀ। ਵਿਸ਼ਵ ਚਿੰਤਕ ਅਤੇ ਲੇਖਕ ਡਾ. ਸਵਰਾਜ ਸਿੰਘ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਰਵੇਲ ਸਿੰਘ ਭਿੰਡਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ‘ਜਾਗੋ ਇੰਟਰਨੈਸ਼ਨਲ* ਲੋਕ ਅਰਪਣ ਕਰਦਿਆਂ ਇਸ ਸਮਾਗਮ ਵਿੱਚ ਕਿਰਸਾਨ ਮਸਲੇ ਉਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਦਾ ਅਰੰਭ ਬੰਗਲਾ ਅਤੇ ਪੰਜਾਬੀ ਭਾਸ਼ਾ ਦੇ ਲੇਖਕ ਕੁਲਵੰਤ ਕਸਕ ਦੁਆਰਾ ਬੰਗਲਾ ਭਾਸ਼ਾ ਦੇ ਲੇਖਕ ਦੀ ਕਹਾਣੀ ‘ਜਾਪਾਨ* ਦਾ ਪੰਜਾਬੀ ਅਨੁਵਾਦ ਸੁਨਾਉਣ ਨਾਲ ਹੋਇਆ। ਜਿਸਦਾ ਕੇਂਦਰੀ ਮੈਟਾਫਰ ਸਰਮਾਏਦਾਰੀ ਦੇ ਪ੍ਰਸਾਰ ਲਈ ਕੀਤੇ ਗਏ ਕੋਝੇ ਯਤਨ ਸੀ। ਇਸੇ ਤਰ੍ਹਾਂ ਮੀਤ ਸਕਰੌਦੀ ਨੇ ਕਵਿਤਾ ਪੜ੍ਹੀ ਜਿਸ ਵਿੱਚ ਕੇਂਦਰ ਦੁਆਰਾ ਪਾਸ ਕਿਰਸਾਨ ਬਿਲਾਂ ਦੀ ਆਲੋਚਨਾ ਕੀਤੀ ਗਈ ਸੀ। ਮੀਤ ਸਕਰੌਦੀ ਨੇ ਆਮ ਸਮਝ ਅਨੁਸਾਰ ਕਿਸਾਨ ਸੰਕਟ ਲਈ ਜਿਨਸਾਂ ਦੇ ਘੱਟੋ ਘੱਟ ਮੰਡੀ ਮੁੱਲ ਵਿੱਚ ਕੰਪਨੀਆਂ ਦੀ ਦਖਲ ਅੰਦਾਜ਼ੀ ਅਤੇ ਠੇਕਾ ਸਿਸਟਮ ਨੂੰ ਜਿੰਮੇਵਾਰ ਠਹਿਰਾਇਆ।
ਡਾ. ਤੇਜਵੰਤ ਮਾਨ ਨੇ ਕਿਰਸਾਨ ਸਮੱਸਿਆ ਉੱਤੇ ਖੁੱਲਕੇ ਵਿਚਾਰ ਕਰਦਿਆਂ ਕਿਹਾ ਕਿ ਇਹ ਏਨੀ ਸਰਲ ਨਹੀਂ ਜਿਸ ਤਰ੍ਹਾਂ ਇਨ੍ਹਾਂ ਧਰਨਿਆਂ ਮੋਰਚਿਆਂ ਤੋਂ ਦਿਖਦੀ ਹੈ। ਇਹ ਵਿਸ਼ਵ ਸਰਮਾਏਦਾਰੀ ਵੱਲੋਂ ਉਤਪਾਦਕੀ ਵਿਕਾਸ ਮਾਡਲ ਨੂੰ ਲਾਗੂ ਕਰਨ ਕਿਰਸਾਨੀ ਨੂੰ ਜਮੀਨ ਅਤੇ ਖੇਤੀ ਤੋਂ ਵੱਖ ਕਰਕੇ ਉਸਨੂੰ ਅਸਥਿਰ ਕਰਨ ਲਈ ਇੱਕ ਸੋਚ ਸਮਝੀ ਚਾਲ ਹੈ। ਕਿਰਸਾਨੀ ਅਸਥਿਰਤਾ ਨਾਲ ਹੀ ਸਰਮਾਏਦਾਰੀ ਦਾ ਵਿਕਾਸ ਹੋਵੇਗਾ। ਕਿਰਸਾਨੀ ਵਿਚ ਸਮਰਾਏ ਦੇ ਸੰਕਲਪ ਨੂੰ ਘੁਸਾ ਕੇ ਉਸ ਨੂੰ ਕਿਰਤ ਅਤੇ ਕੁਦਰਤੀ ਖੇਤੀ ਨਾਲੋਂ ਵੱਖ ਕਰਕੇ ਉਤਪਾਦਨ ਅਤੇ ਮੰਡੀ ਨਾਲ ਜੋੜਨ ਵਿੱਚ ਹੀ ਸਰਮਾਏਦਾਰੀ ਦਾ ਭਲਾ ਹੈ ਤਾਂ ਕਿ ਉਹ ਜਮੀਨ ਅਤੇ ਖੇਤੀ ਕਾਰਪੋਰੇਟ ਅਤੇ ਉਤਪਾਦਕੀ ਕੰਪਨੀਆਂ ਨੂੰ ਸੰਭਾਲ ਦੇਣ ਅਤੇ ਆਪ ਉਨ੍ਹਾਂ ਕੰਪਨੀਆਂ ਦੇ ਕਰਿੰਦਿਆਂ ਦੀ ਤਰ੍ਹਾਂ ਕੰਮ ਕਰਨ।
ਡਾ. ਸਵਰਾਜ ਸਿੰਘ ਨੇ ਇਸ ਸਮੱਸਿਆ ਉਤੇ ਹੋਰ ਵਿਸਥਾਰ ਨਾਲ ਗਲ ਕਰਦਿਆਂ ਕਿਹਾ ਕਿ ਹਰੇ ਇਨਕਲਾਬ ਨੇ ਖੇਤੀ ਨੂੰ ਕੁਦਰਤ ਨਾਲੋਂ ਵੱਖ ਕਰਕੇ ਸਰਮਾਏਦਾਰੀ ਵਿਕਾਸ ਲਈ ਗੈਰ ਕੁਦਰਤੀ ਦਵਾਈਆਂ, ਖਾਂਦਾ, ਮਸ਼ੀਨਾਂ, ਬੀਜਾਂ ਨਾਲ ਜੋੜ ਦਿੱਤਾ। ਜਿਸ ਸਦਕਾ ‘ਜੱਟ’ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਅਤੇ ਉਸਨੂੰ ਧਨੀ ਕਿਰਸਾਨ ਅਤੇ ਨਿਰਧਨ ਕਿਰਸਾਨ ਵਿੱਚ ਵੰਡ ਦਿੱਤਾ। ਪੰਜਾਬ ਦਾ ਜੱਟ ਇਸ ਤਰ੍ਹਾਂ ਦੀ ਵੰਡ ਦਾ ਸ਼ਿਕਾਰ ਹੋ ਗਿਆ ਹੈ। ਉਹ ਗੁਰਮਤਿ ਦੇ ਕਿਰਤੀ ਜੱਟ ਤੋਂ ਦੂਰ ਹੁੰਦਾ ਗਿਆ। ਕਿਰਸਾਨ ਅਨਾਜ ਦੀ ਕੁਦਰਤੀ ਢੰਗ ਨਾਲ ਉਪਜ ਕਰੇ ਨਾ ਕਿ ਗੈਰ ਕੁਦਰਤੀ ਢੰਗ ਨਾਲ ਉਤਪਾਦਨ ਕਰੇ। ਕੁਦਰਤੀ ਉਪਜ ਅਤੇ ਗੈਰ ਕੁਦਰਤੀ ਉਤਪਾਦਨ ਵਿਚਲੇ ਫਰਕ ਨੂੰ ਸਮਝੇ।
ਡਾ. ਸਵਰਾਜ ਸਿੰਘ ਨੇ ਜੋਰ ਦੇ ਕੇ ਕਿਹਾ ਕਿ ਜੱਟ ਦੇ ਗੁਰਮਤੀ ਭਾਵ ਸਿੱਖ—ਜੱਟ ਦੇ ਕਿਰਦਾਰ ਨੂੰ ਬਚਾਉਣ ਦੀ ਬਹੁਤ ਲੋੜ ਹੈ। ਹੁਣ ਚੱਲ ਰਹੇ ਕਿਰਸਾਨ ਅੰਦੋਲਨ ਬਾਰੇ ਦੋਹਾਂ ਵਿਦਵਾਨਾਂ ਦਾ ਕਹਿਣਾ ਸੀ ਕਿ ਇਹ ਆਰਥਿਕਤਾ ਅਧਾਰਤ ਕਿਸਾਨ ਸੰਕਟ ਦੇ ਰੂਪ ਵਿੱਚ ਘੱਟੋ ਘੱਟ ਮੁੱਲ ਨੂੰ ਫੌਰੀ ਰਾਹਤ ਵਜੋਂ ਬਚਾਉਣ ਵਿੱਚ ਕਾਮਯਾਬ ਹੋ ਸਕਦਾ ਹੈ, ਪਰ ਇਹ ਕਿਰਸਾਨੀ ਸੰਕਟ ਦਾ ਵਿਗਿਆਨਕ ਹੱਲ ਨਹੀਂ। ਇਸਦਾ ਇੱਕੋ ਇੱਕ ਹੱਲ ਕੁਦਰਤ ਨਾ ਜੁੜਕੇ ਸਹਿਜ ਵਿਕਾਸ ਮਾਡਲ ਨੂੰ ਅਪਨਾਉਣ ਵਿੱਚ ਹੀ ਹੈ। ਇਸ ਵਿਚਾਰ ਚਰਚਾ ਵਿੱਚ ਡਾ. ਭਗਵੰਤ ਸਿੰਘ ਅਤੇ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਹਿੱਸਾ ਲੈਂਦਿਆਂ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਰੋਨਾ ਦੇ ਫੈਲਾਅ ਦੇ ਭਰਮ ਨੂੰ ਵੀ ਕਿਰਸਾਨੀ ਸੰਕਟ ਨਾਲ ਜੋੜਕੇ ਵਿਚਾਰ ਅਧੀਨ ਲਿਆਂਦਾ।
ਇਹ ਮੱਤ ਜ਼ੋਰ ਸ਼ੋਰ ਨਾਲ ਪੇਸ਼ ਹੋਇਆ ਕਿ ਕਰੋਨਾ ਭਾਰਤ ਲਈ ਏਡਾ ਵੱਡਾ ਸੰਕਟ ਨਹੀਂ, ਜਿੰਨਾ ਹਾਲ ਹੀ ਵਿੱਚ ਸਰਮਾਏਦਾਰੀ ਦੀ ਏਜੰਟ ਸਰਕਾਰ ਵੱਲੋਂ ਕਿਰਸਾਨ ਬਿੱਲ ਪਾਸ ਕਰਨ ਨਾਲ ਖੜ੍ਹਾ ਹੋਇਆ ਹੈ। ਇਸ ਬਹਿਸ ਵਿੱਚ ਡਾ. ਰਾਜੀਵ ਪੁਰੀ, ਰਵੇਲ ਸਿੰਘ ਭਿੰਡਰ, ਅਮਰ ਗਰਗ ਕਲਮਦਾਨ, ਜਗਦੀਪ ਸਿੰਘ, ਡਾ. ਦਵਿੰਦਰ ਕੌਰ, ਗੁਰਨਾਮ ਸਿੰਘ ਆਦਿ ਵਿਦਵਾਨਾਂ ਨੇ ਵੀ ਵਿਚਾਰ ਪੇਸ਼ ਕੀਤੇ। ਅੰਮ੍ਰਿਤਪਾਲ ਸਿੰਘ, ਬਚਨ ਸਿੰਘ ਗੁਰਮ, ਰਵੇਲ ਸਿੰਘ ਭਿੰਡਰ, ਅਮਰੀਕ ਗਾਗਾ, ਦੇਸ਼ ਭੂਸ਼ਣ, ਕੁਲਵੰਤ ਕਸਕ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ, ਉਪਰੰਤ ਸਾਰੇ ਪ੍ਰਧਾਨਗੀ ਮੰਡਲ ਅਤੇ ਹਾਜਰ ਮੈਂਬਰਾਂ ਨੇ ਜਾਗੋ ਇੰਟਰਨੈਸ਼ਨਲ ਦਾ ਤਾਜ਼ਾ ਅੰਕ ਲੋਕ ਅਰਪਣ ਕੀਤਾ। ਸਭਾ ਵੱਲੋਂ ਡਾ. ਸਵਰਾਜ ਸਿੰਘ ਅਤੇ ਰਵੇਲ ਸਿੰਘ ਭਿੰਡਰ ਦਾ ਸਨਮਾਨ ਕੀਤਾ ਗਿਆ। ਸਟੇਜ ਦੀ ਕਾਰਵਾਈ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਬਾਖੂਬੀ ਨਿਭਾਈ ਸਟੇਜ਼ ਸਕੱਤਰੀ ਕਰਦਿਆਂ ਉਨ੍ਹਾਂ ਨੇ ਹਾਸ ਰਸੀ ਰਚਨਾ ‘ਉਰਲੀਆਂ ਪਰਲੀਆਂ* ਸੁਣਾਈ। ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਐਡਵੋਕੇਟ ਜਗਦੀਪ ਸਿੰਘ ਗੰਧਾਰਾ ਨੇ ਸਭ ਦਾ ਧੰਨਵਾਦ ਕੀਤਾ। ਕਾਮਰੇਡ ਕੌਰ ਸੈਨ ਨੇ ਆਏ ਸਾਹਿਤਕਾਰਾਂ ਲਈ ਚਾਹ ਪਾਣੀ ਦਾ ਪ੍ਰਬੰਧ ਬੜੇ ਸਤਿਕਾਰ ਭਰੇ ਸਲੀਕੇ ਨਾਲ ਕੀਤਾ।