ਲੁਧਿਆਣਾ: ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 10 ਅਪ੍ਰੈਲ ਤੱਕ ਸਕੂਲ ਅਤੇ ਕਾਲਜਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਕੋਰੋਨਾ ਕਾਰਨ ਸਕੂਲ ਅਤੇ ਕਾਲਜ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਥੇ ਹੀ ਸਕੂਲਾਂ ਨੂੰ ਨਵੇਂ ਸੈਸ਼ਨ ਵਿੱਚ ਖੋਲ੍ਹੇ ਜਾਣ ਦੀ ਲਗਾਤਾਰ ਅਧਿਆਪਕ ਮੰਗ ਕਰ ਰਹੇ ਹਨ। ਜ਼ਿਲ੍ਹੇ ਵਿੱਚ ਹੁਣ ਰੋਜ਼ਾਨਾ ਅਧਿਆਪਕ ਸੰਗਠਨਾਂ ਵੱਲੋਂ ਸਕੂਲ ਬੰਦ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਬੁੱਧਵਾਰ ਨੂੰ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਆਫ ਪੰਜਾਬ ਨੇ ਸ਼ਹਿਰ ਦੇ ਲਗਭਗ 30 ਸਕੂਲਾਂ ਦੇ ਅਧਿਆਪਕ, ਟਰਾਂਸਪੋਰਟਰ ਭਾਰਤ ਨਗਰ ਚੌਂਕ ਵਿਖੇ ਇਕੱਠੇ ਹੋਏ। ਇਸ ਦੌਰਾਨ ਸਾਰਿਆਂ ਨੇ ਸ਼ਾਂਤਮਈ ਤਰੀਕੇ ਨਾਲ ਰੋਸ ਜਤਾਇਆ ਅਤੇ ਪ੍ਰਦਰਸ਼ਨ ਕਰਦੇ ਹੋਏ ਮਿੰਨੀ ਸਕੱਤਰੇਤ ਪੁੱਜੇ। ਇਸ ਦੌਰਾਨ ਅਧਿਆਪਕਾਂ ਨੇ ਸਕੂਲ ਨੂੰ ਬੰਦ ਕਰਨ ਦੇ ਵਿਰੋਧ ਵਿਚ ਲਿਖੇ ਬੈਨਰ ਫੜੇ ਹੋਏ ਸਨ।
ਮਿਨੀ ਸਕੱਤਰੇਤ ਪੁੱਜਣ ‘ਤੇ ਅਧਿਆਪਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਸਕੂਲਾਂ ਨੂੰ ਬੰਦ ਨਾ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਸਕੂਲਾਂ ਨੂੰ ਬੰਦ ਕਰਨ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਥੇ ਹੀ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਵੈਨ ਆਪਰੇਟਰ ਅਤੇ ਹੋਰ ਸਟਾਫ ਨੂੰ ਆਰਥਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।