ਐਸ.ਏ.ਐਸ. ਨਗਰ: ਜ਼ਿਲੇ ਵਿਚ ਪਲਾਜ਼ਮਾ ਦਾਨ ਹੌਲੀ ਹੌਲੀ ਜ਼ੋਰ ਫੜਦਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਪਲਾਜ਼ਮਾ ਦਾਨ 20 ਅਗਸਤ ਨੂੰ ਉਦੋਂ ਸ਼ੁਰੂ ਹੋਇਆ ਸੀ ਜਦੋਂ ਐਸਡੀਐਮ ਮੁਹਾਲੀ ਵਜੋਂ ਤਾਇਨਾਤ ਨੌਜਵਾਨ ਪੀਸੀਐਸ ਅਧਿਕਾਰੀ ਜਗਦੀਪ ਸਹਿਗਲ ਨੇ ਇਕ ਸਾਥੀ ਪੁਲਿਸ ਅਧਿਕਾਰੀ ਦੀ ਜਾਨ ਬਚਾਉਣ ਲਈ ਸਵੈ-ਇੱਛਾ ਨਾਲ ਪਲਾਜ਼ਮਾ ਦਾਨ ਕੀਤਾ ਸੀ। ਉਸ ਤੋਂ ਬਾਅਦ ਲੋਕ ਹੌਲੀ ਹੌਲੀ ਪਲਾਜ਼ਮਾ ਦਾਨ ਕਰਨ ਵਿੱਚ ਦਿਲਚਸਪੀ ਦਿਖਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਕਰੀਬਨ ਦੋ ਹਫ਼ਤਿਆਂ ਵਿੱਚ, 80 ਲੋਕਾਂ ਨੇ ਪਲਾਜ਼ਮਾ ਦਾਨ ਕਰਨ ਦੀ ਇੱਛਾ ਜਾਹਰ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ ਸਫਲਤਾਪੂਰਵਕ 10 ਪਲਾਜ਼ਮਾ ਦਾਨ ਕੀਤੇ ਜਾ ਚੁੱਕੇ ਹਨ।
ਕੋਵਿਡ ਨੂੰ ਮਾਤ ਦੇਣ ਵਾਲੇ ਯੋਗ ਪਲਾਜ਼ਮਾ ਦਾਨੀਆਂ ਨੂੰ ਇਸ ਮੰਤਵ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਨਾਲ, ਲੋੜੀਂਦੇ ਪਲਾਜ਼ਮਾ ਦੀ ਸਪਲਾਈ ਹੋਣਾ ਲਾਜ਼ਮੀ ਹੈ।
ਜ਼ਿਲੇ ਵਿਚ ਪਲਾਜ਼ਮਾ ਦਾਨ ਦੀ ਸਥਿਤੀ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲੇ ਦੇ ਪਹਿਲੇ ਪਲਾਜ਼ਮਾ ਦਾਨੀ ਅਤੇ ਹੁਣ ਮੁੱਖ ਪ੍ਰੇਰਕ ਜਗਦੀਪ ਸਹਿਗਲ ਨੇ ਕਿਹਾ, “ਜਿਹਨਾਂ ਨੇ ਵੀ ਕੋਵਿਡ -19 ਨੂੰ ਮਾਤ ਦਿੱਤੀ ਹੈ ਉਹ ਪਲਾਜ਼ਮਾ ਦਾਨ ਕਰਕੇ ਕੀਮਤੀ ਜਾਨਾਂ ਬਚਾਉਣ ਵਿਚ ਸਹਾਇਤਾ ਕਰ ਸਕਦੇ ਹਨ। ਪਲਾਜ਼ਮਾ ਦਾਨ ਕਰਨਾ ਇੱਕ ਸੁਰੱਖਿਅਤ ਅਤੇ ਸਧਾਰਣ ਵਿਧੀ ਹੈ। ਮੈਂ ਲਾਗ ਦੇ ਸਦਮੇ ਅਤੇ ਦਾਨ ਦੇ ਅਨੰਦ ਦਾ ਅਨੁਭਵ ਕੀਤਾ ਹੈ। ਇਸ ਲਈ, ਮੈਂ ਦੂਜਿਆਂ ਨੂੰ ਪਲਾਜ਼ਮਾ ਦਾਨ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨ ਦੇ ਮਿਸ਼ਨ ਨੂੰ ਆਪਣੇ ਆਪ ਚੁਣਿਆ ਹੈ।” ਉਹਨਾਂ ਕਿਹਾ ਕਿ ਮੇਰੇ ਸਟਾਫ ਦੇ ਸਹਿਯੋਗ ਨਾਲ, ਮੈਂ 500 ਯੋਗ ਦਾਨੀਆਂ ਦੀ ਪਛਾਣ ਕੀਤੀ ਅਤੇ ਪਲਾਜ਼ਮਾ ਦਾਨ ਲਈ ਅੱਗੇ ਆਉਣ ਲਈ ਉਹਨਾਂ ਨਾਲ ਨਿੱਜੀ ਤੌਰ ‘ਤੇ ਗੱਲ ਕਰਾਂਗਾ। ਉਹਨਾਂ ਕਿਹਾ ਕਿ ਮੇਰੇ ਕਹਿਣ ‘ਤੇ ਪਲਾਜ਼ਮਾ ਦਾਨ ਕਰਨ ਵਾਲਿਆਂ ਵਿਚ ਮਸ਼ਹੂਰ ਪੰਜਾਬੀ ਗਾਇਕ, ਕੁਲਵਿੰਦਰ ਬਿੱਲਾ ਵੀ ਸ਼ਾਮਲ ਹਨ।
ਪਲਾਜ਼ਮਾ ਇਕੱਤਰ ਕਰਨ ਦੀ ਵਿਧੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਮੋਬਾਈਲ ਮੈਡੀਕਲ ਟੀਮ ਵਾਲਾ ਵਾਹਨ ਖੂਨ ਦੇ ਨਮੂਨੇ ਇਕੱਤਰ ਕਰਨ ਲਈ ਦਾਨੀ ਦੇ ਘਰ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਐਂਟੀਬਾਡੀਜ਼ ਦੀ ਲੋੜੀਂਦੀ ਮਾਤਰਾ ਦੀ ਮੌਜੂਦਗੀ ਲਈ ਨਮੂਨੇ ਦੀ ਜਾਂਚ ਕੀਤੀ ਜਾਂਦੀ ਹੈ। ਯੋਗ ਨਮੂਨੇ ਵਾਲੇ ਦਾਨੀਆਂ ਨਾਲ ਬਾਅਦ ਵਿਚ ਪਲਾਜ਼ਮਾ ਦਾਨ ਲਈ ਸੰਪਰਕ ਕੀਤਾ ਜਾਂਦਾ ਹੈ। ਇਕੱਤਰ ਕੀਤਾ ਪਲਾਜ਼ਮਾ ਜ਼ਿਲੇ ਦੇ ਚਾਰ ਹਸਪਤਾਲਾਂ, ਜਿਵੇਂ ਕਿ ਫੋਰਟਿਸ, ਮੈਕਸ, ਆਈਵੀ ਅਤੇ ਗ੍ਰੀਸ਼ੀਅਨ ਦੇ ਪਲਾਜ਼ਮਾ ਬੈਂਕਾਂ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਜ਼ਰੂਰਤ ਅਨੁਸਾਰ ਕੋਵੀਡ-19 ਦੇ ਗੰਭੀਰ ਮਰੀਜ਼ਾਂ ਲਈ ਉਪਲਬਧ ਕਰਵਾਏ ਜਾਣਗੇ।
ਸਹਿਗਲ ਨੇ ਕਿਹਾ ਕਿ ਕੋਵਿਡ-19 ਤੋਂ ਠੀਕ ਹੋਏ ਬਹੁਤ ਸਾਰੇ ਲੋਕਾਂ ਨੂੰ ਇਸ ਵਾਇਰਸ ਤੋਂ ਮੁੜ ਪ੍ਰਭਾਵਿਤ ਹੋਣ ਦਾ ਡਰ ਹੈ ਅਤੇ ਉਹ ਅੱਗੇ ਆਉਣ ਤੋਂ ਝਿਜਕ ਰਹੇ ਹਨ ਪਰ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਸ਼ੰਕਿਆਂ ਅਤੇ ਡਰ ਨੂੰ ਦੂਰ ਕਰਨ ਲਈ ਸਰਗਰਮ ਹੈ ਤਾਂ ਜੋ ਦਾਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾ ਸਕੇ।