ਰੋਪੜ : ਰੂਪਨਗਰ ਸ਼ਹਿਰ ਵਾਸੀਆਂ ਨੇ ਇੱਕ ਅਜਿਹਾ ਕਾਰਨਾਮਾ ਕਰ ਦਿਖਾਇਆ ਕਿ ਪੁਲੀਸ ਨੂੰ ਵੀ ਮਾਤ ਦੇ ਦਿੱਤੀ। ਸ਼ਹਿਰ ਵਾਸੀਆਂ ਨੇ ਚੋਰੀ ਤੋਂ ਕੁਝ ਘੰਟੇ ਬਾਅਦ ਹੀ ਨਾਂ ਸਿਰਫ ਚੋਰ ਨੂੰ ਕਾਬੂ ਕੀਤਾ ਬਲਕਿ ਉਸ ਵੱਲੋਂ ਚੋਰੀ ਕੀਤੇ ਪੰਜ ਵਾਹਨ ਵੀ ਬਰਾਮਦ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤੇ।
ਮਿਲੀ ਜਾਣਕਾਰੀ ਮੁਤਾਬਕ ਬੀਤੀ 9 ਸਤੰਬਰ ਦੀ ਰਾਤ ਨੂੰ ਰੂਪਨਗਰ ਸ਼ਹਿਰ ਦੇ ਜੈਨ ਮੁਹੱਲੇ ‘ਚ ਇੱਕ ਵਿਅਕਤੀ ਵਾਹਨਾਂ ਨੂੰ ਚੋਰੀ ਕਰਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਜਦੋਂ ਸਵੇਰੇ ਚੋਰੀ ਹੋਏ ਵਾਹਨਾਂ ਸਬੰਧੀ ਮਾਲਕਾਂ ਨੂੰ ਪਤਾ ਚੱਲਿਆ ਤਾਂ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲਣ ਤੋਂ ਬਾਅਦ ਜਿਸ ਵਿਅਕਤੀ ਦਾ ਚਿਹਰਾ ਸਾਹਮਣੇ ਆਇਆ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਅਤੇ ਪੀੜਤਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਪੁਲੀਸ ਨੂੰ ਵੀ ਕੀਤੀ ਗਈ।
ਵਾਇਰਲ ਹੋਈ ਵੀਡੀਓ ਤੋਂ ਬਾਅਦ ਸਥਾਨਕ ਲੋਕਾਂ ਨੇ ਦੱਸਿਆ ਕਿ ਜੋ ਵਿਅਕਤੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਉਹ ਉਨ੍ਹਾਂ ਦੇ ਮੁਹੱਲੇ ‘ਚ ਰਹਿੰਦਾ ਹੈ। ਜਿਸ ਤੋਂ ਬਾਅਦ ਪੀੜਤ ਵਿਅਕਤੀ ਅਤੇ ਮੁਹੱਲਾ ਵਾਸੀ ਉਸ ਵਿਅਕਤੀ ਦੀ ਭਾਲ ਲਈ ਜਦੋਂ ਉਸ ਦੇ ਘਰ ਪਹੁੰਚੇ ਤਾਂ ਘਰ ਦੇ ਅੰਦਰ ਚੋਰੀ ਦੇ ਪੰਜ ਵਾਹਨ ਖੜ੍ਹੇ ਸੀ। ਇਸ ਦੌਰਾਨ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ ਤੇ ਪੁਲਿਸ ਵਲੋਂ ਵਾਹਨਾਂ ਨੂੰ ਕਬਜ਼ੇ ‘ਚ ਲੈਂਦੇ ਹੋਏ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।