ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਬੀਤੇ ਦਿਨੀਂ ਕਿਸਾਨਾਂ ਨੂੰ ਆਨਲਾਈਨ ਖੇਤੀ ਸਿਖਲਾਈ ਨਾਲ ਜੋੜਿਆ। ਕੋਵਿਡ-19 ਦੇ ਬਾਵਜੂਦ ਖੇਤੀ ਪਸਾਰ ਸੇਵਾਵਾਂ ਜਾਰੀ ਰੱਖਣ ਦੇ ਮੰਤਵ ਇਹ ਸਿਖਲਾਈ ਕੋਰਸ ਕਰਵਾਇਆ ਗਿਆ।
ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਵਿਚ ਲੇਬਰ ਦੀ ਘਾਟ ਦੇ ਮੱਦੇ-ਨਜ਼ਰ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਬਹੁਤ ਸਾਰੇ ਸਵਾਲ ਕਿਸਾਨਾਂ ਵਲੋਂ ਲਗਾਤਾਰ ਪੁੱਛੇ ਜਾ ਰਹੇ ਸਨ। ਯੂਨੀਵਰਸਿਟੀ ਦੇ ਮੁੱਖ ਫਸਲ ਵਿਗਿਆਨੀ ਡਾ ਮੱਖਣ ਸਿੰਘ ਭੁੱਲਰ ਨੇ ਇਸ ਸੰਬੰਧ ਵਿਚ ਕਿਸਾਨਾਂ ਵਿਸਥਾਰ ਨਾਲ ਸਮਝਾਇਆ। ਡਾ ਜਸਵੀਰ ਸਿੰਘ ਨੇ ਸਿੱਧੀ ਬਿਜਾਈ ਲਈ ਲੋੜੀਂਦੀ ਮਸ਼ੀਨਰੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਕਣਕ ਬੀਜਣ ਵਾਲੀ ਡਰਿੱਲ ਮਸ਼ੀਨ ਜਾਂ ਜ਼ੀਰੋ ਡਰਿੱਲ ਮਸ਼ੀਨ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਵਰਤਿਆ ਜਾ ਸਕਦਾ ਹੈ।
ਇਸ ਕੋਰਸ ਦੇ ਕੋਆਰਡੀਨੇਟਰ ਡਾ ਲਵਲੀਸ਼ ਗਰਗ ਨੇ ਸਿਖਲਾਈ ਦੇ ਮਹੱਤਵ ਉੱਪਰ ਚਾਨਣਾ ਪਾਇਆ। ਇਸ ਕੋਰਸ ਵਿਚ 35 ਦੇ ਕਰੀਬ ਕਿਸਾਨ ਸ਼ਾਮਿਲ ਹੋਏ। ਨਾਲ ਹੀ ਕਿਸਾਨਾਂ ਨੂੰ ਭਵਿੱਖ ਵਿਚ ਆਨਲਾਈਨ ਸਿਖਲਾਈਆਂ ਬਾਰੇ ਦੱਸਿਆ ਗਿਆ। 14 ਮਈ ਤੋਂ ਖੁੰਬਾਂ ਦੀ ਕਾਸ਼ਤ ਬਾਰੇ ਸ਼ੁਰੂ ਹੋ ਰਹੇ ਦੋ ਕੋਰਸਾਂ ਦੀ ਜਾਣਕਾਰੀ ਵੀ ਦਿੱਤੀ ਗਈ। ਕਿਸਾਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਗਿਆ ਕਿ ਉਹ ਇਸ ਕੋਰਸ ਤੋਂ ਹਾਸਿਲ ਜਾਣਕਾਰੀ ਨੂੰ ਅੱਗੇ ਹੋਰਾਂ ਨਾਲ ਸਾਂਝੀ ਕਰਨ।