ਪੀ ਏ ਯੂ ਨੇ ਮੁੱਖ ਮੰਤਰੀ ਫੰਡ ਲਈ ਦਿੱਤਾ ਸਹਿਯੋਗ, ਅਧਿਕਾਰੀ ਅਤੇ ਵੱਖ-ਵੱਖ ਜਥੇਬੰਦੀਆਂ ਫੰਡ ਲਈ ਅੱਗੇ ਆਈਆਂ

TeamGlobalPunjab
2 Min Read

ਲੁਧਿਆਣਾ : ਦੁਨੀਆਂ ਕੋਰੋਨਾ ਵਾਇਰਸ 19 ਦੀ ਮਹਾਮਾਰੀ ਦੇ ਬਹੁਤ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਇਸ ਸੰਬੰਧ ਵਿਚ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਜ਼ਿੰਦਗੀ ਨੂੰ ਚੱਲਦੇ ਰੱਖਣ ਲਈ ਲੋੜੀਂਦੀਆਂ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਯਤਨਸ਼ੀਲ ਹਨ। ਇਸ ਵਡੇਰੇ ਕਾਰਜ ਲਈ ਵੱਡੀ ਪੱਧਰ ਤੇ ਮਾਇਕ ਫੰਡਾਂ ਦੀ ਲੋੜ ਹੈ। ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਇਸ ਕਾਰਜ ਲਈ ਲਾਜਮੀ ਹੈ।

ਇਸ ਸੰਬੰਧ ਵਿੱਚ ਪੀ ਏ ਯੂ ਦੇ ਵਾਈਸ ਚਾਂਸਲਰ ਨੇ ਸਮੂਹ ਅਧਿਆਪਕਾਂ , ਕਰਮਚਾਰੀਆਂ ਅਤੇ ਪੈਨਸ਼ਨਰਜ਼ ਨੂੰ ਨੇਕ ਕਾਰਜ ਲਈ ਇਸ ਘੜੀ ਵਿਚ ਖੁੱਲ੍ਹ ਕੇ ਸਹਿਯੋਗ ਦੀ ਅਪੀਲ ਕੀਤੀ ਸੀ। ਜਿਸਦੇ ਸਿੱਟੇ ਵਜੋਂ ਪੀ ਏ ਯੂ ਦੇ ਅਮਲੇ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਸਹਿਯੋਗ ਲਈ ਸ਼ਲਾਘਾਯੋਗ ਹੁੰਗਾਰਾ ਭਰਿਆ ਹੈ।

ਇਸ ਸੰਬੰਧੀ ਪੀ ਏ ਯੂ ਟੀਚਰਜ਼ ਐਸੋਸੀਏਸ਼ਨ, ਨਾਨ-ਟੀਚਿੰਗ ਇਮਪਲਾਈਜ਼ ਯੂਨੀਅਨ, ਯੂਨਾਈਟਿਡ ਇਮਪਲਾਇਜ਼ ਫਰੰਟ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵੀ ਅੱਗੋਂ ਆਪਣੇ ਮੈਂਬਰਾਂ ਨੂੰ ਫੰਡ ਲਈ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਦੇ ਸਿੱਟੇ ਵਜੋਂ ਅਧਿਆਪਕ ਜਥੇਬੰਦੀ ਵੱਲੋਂ 51 ਹਜ਼ਾਰ ਰੁਪਏ, ਗੈਰ-ਅਧਿਆਪਨ ਜਥੇਬੰਦੀ ਵੱਲੋਂ 34 ਹਜ਼ਾਰ ਰੁਪਏ, ਪੈਨਸ਼ਨਰਜ਼ ਭਲਾਈ ਐਸੋਸੀਏਸ਼ਨ ਵੱਲੋਂ 51 ਹਜ਼ਾਰ ਅਤੇ ਯੂਨਾਈਟਿਡ ਇੰਪਲਾਇਜ਼ ਫਰੰਟ ਵਲੋਂ 1 ਲੱਖ ਰੁਪਏ ਇਸ ਕਾਰਜ ਲਈ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਪੀ ਏ ਯੂ ਦੇ ਕਰਮਚਾਰੀ ਆਪਣੇ ਪੱਧਰ ਤੇ ਕੈਂਪਸ ਵਿਚ ਉਸਾਰੀ ਨਾਲ ਜੁੜੇ ਪਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਲਈ ਰੋਜ਼ਾਨਾ ਵਸਤਾਂ ਦੇ ਰੂਪ ਵਿਚ ਵੀ ਸਹਿਯੋਗ ਕਰ ਰਹੇ ਹਨ। ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਅਧਿਕਾਰੀ ਆਪਣੀ ਇੱਕ ਮਾਸਿਕ ਤਨਖਾਹ ਦਾ ਚੌਥਾ ਹਿੱਸਾ ਸਹਿਯੋਗ ਹਿਤ ਦੇਣਗੇ। ਉਨ੍ਹਾਂ ਕਿਹਾ ਕਿ ਹਰ ਔਖੀ ਘੜੀ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹਮੇਸ਼ਾਂ ਵਾਂਗ ਆਪਣੇ ਦੇਸ਼ ਵਾਸੀਆਂ ਅਤੇ ਪੰਜਾਬ ਰਾਜ ਨਾਲ ਖੜੀ ਹੈ। ਉਨ੍ਹਾ ਨੇ ਸਾਰੇ ਅਧਿਆਪਨ-ਗ਼ੈਰ ਅਧਿਆਪਨ ਅਮਲੇ ਅਤੇ ਪੈਨਸ਼ਨਰਾਂ ਵਲੋਂ ਇਸ ਸੰਕਟ ਦੀ ਘੜੀ ਵਿਚ ਸਹਿਯੋਗ ਲਈ ਤਸੱਲੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਰਾਹਤ ਫੰਡ ਲਈ ਹੋਰ ਸਹਿਯੋਗ ਦੀ ਅਪੀਲ ਵੀ ਕੀਤੀ।

Share This Article
Leave a Comment