ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਨੇ ਮਿਰਚਾਂ ਦੀ ਦੋਗਲੀ ਕਿਸਮ ਸੀ ਐਚ-27 ਦੇ ਪ੍ਰਸਾਰ ਲਈ ਪੁਣੇ, ਮਹਾਂਰਾਸ਼ਟਰ ਸਥਿਤ ਇੱਕ ਫਰਮ ਟਰੂਜੈਨਿਕ ਸੀਡਜ਼ ਐਲਐਲਪੀ ਨਾਲ ਇੱਕ ਸਮਝੌਤੇ ਉਤੇ ਦਸਤਖਤ ਕੀਤੇ। ਟਰੂਜੈਨਿਕ ਸੀਡਜ਼ ਵੱਲੋਂ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਸੁਹਾਸ ਬਰਗੇ ਅਤੇ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਾਂਝੇ ਸਮਝੌਤੇ ਤੇ ਸਹੀ ਪਾਈ। ਡਾ. ਬੈਂਸ ਨੇ ਸੰਬੰਧਿਤ ਫਰਮ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀ ਦੇ ਪਸਾਰ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ। ਸ੍ਰੀ ਬਰਗੇ ਨੇ ਟਰੂਜੈਨਿਕ ਸੀਡਜ਼ ਵੱਲੋਂ ਕਿਹਾ ਕਿ ਉਹਨਾਂ ਦੀ ਕੰਪਨੀ ਗਰਮ ਇਲਾਕਿਆਂ ਲਈ ਸਬਜ਼ੀਆਂ ਦੀਆਂ ਕਿਸਮਾਂ ਦੇ ਖੇਤਰ ਵਿੱਚ ਕਾਰਜ ਕਰ ਰਹੀ ਹੈ।
ਸਹਾਇਕ ਸਬਜ਼ੀ ਵਿਗਿਆਨੀ ਡਾ. ਸਲੇਸ਼ ਜਿੰਦਲ ਨੇ ਦੱਸਿਆ ਕਿ ਸੀਐਚ-27 ਕਿਸਮ ਵੱਧ ਝਾੜ ਦੇਣ ਵਾਲੀ ਅਤੇ ਪੱਤਾ ਮਰੋੜ ਬਿਮਾਰੀ ਅਤੇ ਜੜ੍ਹਾਂ ਦੇ ਗਾਲ਼ੇ ਨਾਲ ਲੜਨ ਦੇ ਸਮਰੱਥ ਹੈ। ਇਸ ਦੇ ਪੌਦੇ ਲੰਬੇ ਸਮੇਂ ਤੱਕ ਝਾੜ ਦੇਣ ਦੇ ਸਮਰੱਥ ਹੁੰਦੇ ਹਨ । ਹਲਕੇ ਹਰੇ ਰੰਗ ਦੇ ਅਤੇ ਦਰਮਿਆਨੇ ਤਿੱਖੇਪਣ ਵਾਲੇ ਫ਼ਲ ਇਸ ਕਿਸਮ ਦੀ ਵਿਸ਼ੇਸ਼ਤਾ ਹਨ।
ਉਹਨਾਂ ਕਿਹਾ ਕਿ ਪੀ.ਏ.ਯੂ. ਵੱਲੋਂ ਵਿਕਸਿਤ ਮਿਰਚਾਂ ਦੀ ਦੋਗਲੀ ਕਿਸਮ ਸੀ ਐਚ-27 ਉਤਰ ਪੱਛਮ ਭਾਰਤ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਸਵੀਕਾਰ ਕੀਤੀ ਗਈ ਕਿਸਮ ਹੈ।
ਤਕਨੀਕ ਵਪਾਰੀਕਰਨ ਅਤੇ ਆਈ ਪੀ ਆਰ ਸੈਲ ਦੇ ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਪੀ.ਏ.ਯੂ. ਵੱਲੋਂ ਹੁਣ ਤੱਕ ਕੀਤੀਆਂ ਗਈਆਂ 235 ਸੰਧੀਆਂ ਦਾ ਜ਼ਿਕਰ ਕੀਤਾ ਜੋ 57 ਤਕਨੀਕਾਂ ਦੇ ਪਸਾਰ ਲਈ ਦੇਸ਼ ਭਰ ਦੀਆਂ ਕੰਪਨੀਆਂ ਨਾਲ ਹੋਈਆਂ ਹਨ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ (ਫਾਰਮ ਮਸ਼ੀਨੀਕਰਨ ਅਤੇ ਜੈਵਿਕ ਊਰਜਾ) ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਸਬਜ਼ੀ ਵਿਗਿਆਨੀ ਡਾ. ਕੁਲਬੀਰ ਸਿੰਘ ਵੀ ਮੌਜੂਦ ਸਨ।