ਚੰਡੀਗੜ੍ਹ, (ਅਵਤਾਰ ਸਿੰਘ): ਫ਼ਾਲ ਆਰਮੀਵਰਮ ਕੀੜੇ ਦਾ ਪੰਜਾਬ ਵਿਚ ਮਕੀ ਤੇ ਹਮਲਾ ਅਧ ਜੂਨ ਤੋਂ ਲਗਾਤਾਰ ਵੇਖਿਆ ਜਾ ਰਿਹਾ ਹੈ। ਇਹ ਕੀੜਾ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਲਗਭਗ ਇਕ ਮਹੀਨੇ ਵਿਚ ਇਸ ਦੀ ਅਗਲੀ ਪੀੜ੍ਹੀ ਆ ਜਾਂਦੀ ਹੈ। ਹੁਣ ਤਕ ਸਹੀ ਸਮੇਂ ਬੀਜੀ ਦਾਣਿਆਂ ਦੀ ਫ਼ਸਲ ਤੇ ਇਸ ਦਾ ਹਮਲਾ ਘਟ ਚੁਕਾ ਹੈ। ਆਉਣ ਵਾਲੇ ਦਿਨਾਂ ਵਿਚ ਚਾਰੇ ਵਾਲੀ ਖ਼ਾਸ ਤੌਰ ਤੇ ਪਿਛੇਤੀ ਬੀਜੀ ਮਕੀ ਤੇ ਇਸ ਕੀੜੇ ਦੇ ਹਮਲੇ ਦੀ ਸੰਭਾਵਨਾਵਾਂ ਹਨ। ਇਹ ਵਿਚਾਰ ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦਿੱਤੇ । ਡਾ. ਛੁਨੇਜਾ ਨੇ ਦੱਸਿਆ ਕਿ ਸਤੰਬਰ-ਅਕਤੂਬਰ ਮਹੀਨੇ ਦਾ ਮੌਸਮ ਇਸ ਕੀੜੇ ਦੇ ਵਾਧੇ ਲਈ ਅਨੁਕੂਲ ਹੈ। ਕਿਸਾਨ ਖ਼ੇਤਾਂ ਦਾ ਪਿਛੇਤੀ ਬੀਜੀ ਚਾਰੇ ਵਾਲੀ ਮੱਕੀ ਦਾ ਲਗਾਤਾਰ ਸਰਵੇਖ਼ਣ ਕਰਦੇ ਰਹਿਣ ਅਤੇ ਹਮਲਾ ਦਿਸਦੇ ਸਾਰ ਰੋਕਥਾਮ ਦੇ ਢੁਕਵੇਂ ਉਪਰਾਲੇ ਕਰਨ। ਖੇਤਾਂ ਦਾ ਸਰਵੇਖਣ ਕਰਦੇ ਸਮੇਂ ਕੀੜੇ ਦੇ ਆਂਡਿਆਂ ਦੇ ਝੁੰਡਾਂ ਅਤੇ ਛੋਟੀਆਂ ਸੁੰਡੀਆਂ ਨੂੰ ਨਸ਼ਟ ਕਰਦੇ ਰਹੋ। ਆਂਡਿਆਂ ਦੇ ਝੁੰਡ ਲੂਈ ਨਾਲ ਢਕੇ ਹੁੰਦੇ ਹਨ ਅਤੇ ਪਤਿਆਂ ਤੇ ਅਸਾਨੀ ਨਾਲ ਹੀ ਦਿਖ ਜਾਂਦੇ ਹਨ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚੌਕੋਰ ਵਿਚ ਚਾਰ ਬਿੰਦੂਆਂ ਅਤੇ ਸਿਰ ਉਪਰ ਚਿੱਟੇ ਰੰਗ ਦਾ ਅੰਗਰੇਜ਼ੀ ਦੇ ‘Y’ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਹਮਲੇ ਦੇ ਸ਼ੁਰੂਆਤ ਵਿੱੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱੱਤਿਆਂ ਉਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ। ਸ਼ੁਰੁਆਤੀ ਹਮਲੇ ਦੀ ਰੋਕਥਾਮ ਅਸਾਨੀ ਨਾਲ ਹੋ ਜਾਂਦੀ ਹੈ ਅਤੇ ਬਾਅਦ ਵਿਚ ਵੱਡੀਆਂ ਹੋਈਆਂ ਸੁੰਡੀਆਂ ਦੀ ਰੋਕਥਾਮ ਔਖੀ ਹੁੰਦੀ ਹੈ। ਵੱਡੀਆਂ ਸੁੰਡੀਆਂ ਨੁਕਸਾਨ ਵੀ ਜ਼ਿਆਦਾ ਕਰਦੀਆਂ ਹਨ। ਪੱੱਤਿਆਂ ਉਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਅਤੇ ਗੋਭ ਵਿੱਚ ਵਿੱਠਾਂ ਇਸ ਦੇ ਹਮਲੇ ਦੀਆਂ ਨਿਸ਼ਾਨੀਆਂ ਹਨ। ਜੇ ਹਮਲਾ ਜ਼ਿਆਦਾ ਹੋਵੇ ਤਾਂ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ ਨੂੰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਘੋਲ ਅਤੇ ਇਸ ਤੋਂ ਵਡੀ ਫ਼ਸਲ ਤੇ ਵਾਧੇ ਅਨੁਸਾਰ ਘੋਲ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤਕ ਵਧਾਉ। ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰੱਖੋ। ਉਹਨਾਂ ਕਿਹਾ ਕਿ ਯਾਦ ਰਖੋ ਕਿ ਛਿੜਕਾਅ ਉਪਰੰਤ ਚਾਰੇ ਵਾਲੀ ਫ਼ਸਲ ਨੂੰ 21 ਦਿਨ ਤੱਕ ਨਹੀਂ ਵਰਤਣਾ ਹੈ।