ਲੁਧਿਆਣਾ (ਅਵਤਾਰ ਸਿੰਘ) : ਪੀ.ਏ.ਯੂ. ਦੇ ਹਫ਼ਤਾਵਰ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਹ ਪ੍ਰੋਗਰਾਮ ਹਰ ਬੁੱਧਵਾਰ ਸਵੇਰੇ 11 ਵਜੇ ਪੀ.ਏ.ਯੂ. ਦੇ ਫੇਸਬੁੱਕ ਪੇਜ ਤੋਂ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਵੱਲੋਂ ਪਹਿਲਾਂ ਪੁੱਛੇ ਗਏ ਜਾਂ ਲਾਈਵ ਦੌਰਾਨ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਮਾਹਿਰਾਂ ਵੱਲੋਂ ਨਾਲੋ-ਨਾਲ ਦਿੱਤੇ ਜਾਂਦੇ ਹਨ। ਅੱਜ ਦੇ ਪ੍ਰੋਗਰਾਮ ਵਿੱਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਪੀ.ਏ.ਯੂ. 18-19 ਸਤੰਬਰ ਨੂੰ ਵਰਚੂਅਲ ਕਿਸਾਨ ਮੇਲੇ ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਮੇਲੇ ਦੌਰਾਨ ਕਿਸਾਨਾਂ ਕੋਲ ਸਵਾਲਾਂ ਜਵਾਬਾਂ ਦੇ ਸੈਸ਼ਨ ਵਿੱਚ ਭਾਗ ਲੈਣ ਦਾ ਮੌਕਾ ਹੋਵੇਗਾ। ਡਾ. ਬੁੱਟਰ ਨੇ ਦੱਸਿਆ ਕਿ ਕਿਸਾਨ ਨਵੇਂ ਖੇਤੀ ਤਜਰਬਿਆਂ ਨੂੰ ਵੀ ਦੇਖ ਸਕਣਗੇ। ਉਹਨਾਂ ਨੇ ਦੱਸਿਆ ਕਿ ਪੀ.ਏ.ਯੂ. ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਕਿਸਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਕਿਸਾਨੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੀ.ਏ.ਯੂ. ਮਾਹਿਰ ਹਰ ਹੀਲੇ ਤਿਆਰ ਬਰ ਤਿਆਰ ਹਨ।
ਅਪਰ ਨਿਰਦੇਸ਼ਕ ਸੰਚਾਰ ਡਾ. ਸੁਰਿੰਦਰ ਕੁਮਾਰ ਥਿੰਦ ਨੇ ਇਸ ਮੌਕੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਐਸ ਕੇ ਥਿੰਦ ਨੇ ਦੱਸਿਆ ਕਿ ਪੀ.ਏ.ਯੂ. ਦੇ ਮਾਸਿਕ ਰਸਾਲਿਆਂ ‘ਚੰਗੀ ਖੇਤੀ’ (ਪੰਜਾਬੀ) ਅਤੇ ਪ੍ਰੋਗਰੈਸਿਵ ਫਾਰਮਿੰਗ (ਅੰਗਰੇਜ਼ੀ) ਦੀ ਮੈਂਬਰਸ਼ਿਪ ਲਈ ਅਤੇ ਹਾੜ੍ਹੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਜਾਂ ਹੋਰ ਖੇਤੀ ਸਾਹਿਤ ਖਰੀਦਣ ਲਈ ਕਿਸਾਨ ਹੁਣ ਨੈਟ ਬੈਕਿੰਗ ਜਾਂ ਆਨ ਲਾਈਨ ਭੁਗਤਾਨ ਕਰ ਸਕਦੇ ਹਨ। ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਮੈਂਬਰ ਬਣਨ ਲਈ ਸਲਾਨਾ ਚੰਦਾ 200/- ਰੁਪਏ ਅਤੇ ਪੰਜ ਸਾਲ ਲਈ 800/- ਰੁਪਏ ਜਾਂ ਉਮਰ ਭਰ ਲਈ ਵਿਅਕਤੀਗਤ 3000/- ਰੁਪਏ ਅਤੇ ਸੰਸਥਾਵਾਂ ਲਈ 5000 ਰੁਪਏ ਹੈ। ਆਨਲਾਈਨ ਪੈਸੇ ਜਮਾਂ ਕਰਾਉਣ ਦਾ ਵੇਰਵਾ ਦਿੰਦਿਆਂ ਡਾ. ਥਿੰਦ ਨੇ ਦੱਸਿਆ ਕਿ ਬੈਂਕ ਆਫ ਬੜੌਦਾ ਵਿੱਚ COMPTROLLER PAU” ਨਾਂ ਹੇਠ ਖਾਤਾ ਨੰਬਰ: 29380200000002, ਆਈ ਐਫ ਐਸ ਕੋਡ: 21R2੦P1”L”4 (ਬੀ ਏ ਆਰ ਬੀ ਜ਼ੀਰੋ ਪੀ ਏ ਯੂ ਐਲ ਯੂ ਡੀ) ਵਿੱਚ ਪੈਸੇ ਜਮਾਂ ਕਰਵਾਏ ਜਾ ਸਕਦੇ ਹਨ। ਆਨਲਾਈਨ ਪੈਸੇ ਜਮਾਂ ਕਰਾਉਣ ਤੋਂ ਬਾਅਦ ਰਸੀਦ ਨੂੰ 82880 57707 ਤੇ ਵਟਸਐਪ ਜਾਂ businessmanager0pau.edu ਤੇ ਈਮੇਲ ਕਰੋ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਆਪਣਾ ਨਾਮ, ਪਤਾ, ਪਿੰਡ ਦਾ ਨਾਮ, ਡਾਕਖਾਨਾ, ਤਹਿਸੀਲ, ਜ਼ਿਲਾ, ਪਿੰਨ ਕੋਡ, ਫੋਨ ਨੰਬਰ, ਈਮੇਲ ਨੂੰ ਵੀ ਜ਼ਰੂਰ ਭੇਜਣ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਰਸਾਲੇ ਭੇਜੇ ਜਾ ਸਕਣ। ਪੀ.ਏ.ਯੂ. ਦੀਆਂ ਹੋਰ ਪ੍ਰਕਾਸ਼ਨਾਵਾਂ ਖਰੀਦਣ ਲਈ ਵੀ ਇਹੀ ਵਿਧੀ ਅਪਣਾਈ ਜਾ ਸਕਦੀ ਹੈ। ਨਾਲ ਹੀ ਉਹਨਾਂ ਨੇ ਝੋਨੇ ਦੀ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ ਅਤੇ ਮਟਰਾਂ ਦੇ ਉਖੇੜਾ ਰੋਗ ਤੋਂ ਬਚਾਅ ਲਈ ਕਿਸਾਨਾਂ ਨੂੰ ਨੁਕਤੇ ਵੀ ਦੱਸੇ।
ਸੀਨੀਅਰ ਫ਼ਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਨੇ ਸੰਯੁਕਤ ਖੇਤੀ ਪ੍ਰਬੰਧ ਬਾਰੇ ਜਾਣਕਾਰੀ ਦਿੰਦਿਆਂ ਛੋਟੇ ਕਿਸਾਨਾਂ ਲਈ ਇਸ ਖੇਤੀ ਮਾਡਲ ਦੇ ਪੋਸ਼ਕ ਅਤੇ ਆਰਥਿਕ ਲਾਭ ਦੀ ਗੱਲ ਕੀਤੀ । ਉਹਨਾਂ ਨੇ ਦੱਸਿਆ ਕਿ ਇਹ ਖੇਤੀ ਮਾਡਲ ਬਾਗਬਾਨੀ, ਖੇਤੀ ਜੰਗਲਾਤ, ਡੇਅਰੀ ਅਤੇ ਮੱਛੀ ਪਾਲਣ ਆਦਿ ਕਿੱਤਿਆਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ।
ਸੀਨੀਅਰ ਕੀਟ ਵਿਗਿਆਨੀ ਡਾ. ਵਿਜੈ ਕੁਮਾਰ ਨੇ ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਸੁਝਾਅ ਦਿੰਦਿਆਂ ਪੀ.ਏ.ਯੂ. ਵੱਲੋਂ ਸੁਝਾਏ ਨੁਕਤਿਆਂ ਉਪਰ ਅਮਲ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਪਾਬੰਦੀਸ਼ੁਦਾ ਕੀਟ ਨਾਸ਼ਕਾਂ ਦੀ ਵਰਤੋਂ ਕਰਨ ਤੋਂ ਕਿਸਾਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਇਸਦੀ ਥਾਂ ਸਿਫ਼ਾਰਸ਼ਸ਼ੁਦਾ ਕੀਟ ਨਾਸ਼ਕਾਂ ਦਾ ਇਸਤੇਮਾਲ ਹੀ ਕੀਤਾ ਜਾਵੇ।
ਸਹਾਇਕ ਮਾਈਕ੍ਰੋਬਾਇਲਾਜਿਸਟ ਡਾ. ਕੇਸ਼ਾਨੀ ਨੇ ਢੀਂਗਰੀ ਅਤੇ ਬਟਨ ਖੁੰਬਾਂ ਦੀ ਕਾਸ਼ਤ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਸ਼ਹਿਰਾਂ ਵਿੱਚ ਵਸਦੇ ਲੋਕ ਵੀ ਪੀ.ਏ.ਯੂ. ਵੱਲੋਂ 50 ਰੁਪਏ ਵਿੱਚ ਤਿਆਰ ਕੀਤੇ ਪੈਕੇਜ ਦੀ ਵਰਤੋਂ ਕਰਕੇ ਖੁੰਬਾਂ ਉਗਾ ਸਕਦੇ ਹਨ।
ਸਹਾਇਕ ਕੀਟ ਵਿਗਿਆਨੀ ਡਾ. ਹਰਪ੍ਰੀਤ ਕੌਰ ਨੇ ਫਾਲ ਆਰਮੀਵਰਮ ਕੀੜੇ ਤੋਂ ਮੱਕੀ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਸੁਝਾਅ ਦਿੱਤੇ। ਉਹਨਾਂ ਨੇ ਇਸ ਕੀੜੇ ਦੇ ਲੱਛਣਾਂ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ।
ਸਹਾਇਕ ਮੌਸਮ ਵਿਗਿਆਨ ਡਾ. ਕੇ.ਕੇ. ਗਿੱਲ ਨੇ 2020 ਵਿੱਚ ਮਾਨਸੂਨ ਦੀ ਸਥਿਤੀ ਬਾਰੇ ਗੱਲ ਕਰਦਿਆਂ ਵੱਖ-ਵੱਖ ਫ਼ਸਲਾਂ ਦੇ ਨੁਕਤੇ ਤੋਂ ਆਉਣ ਵਾਲੇ ਮੌਸਮ ਬਾਰੇ ਚਾਨਣਾ ਪਾਇਆ।